ਲੁਧਿਆਣਾ ਦੇ ਸਮਰਾਲਾ ਨੇੜੇ ਇੱਕ ਬੱਚਾ ਪਲਾਸਟਿਕ ਦੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ। ਬੱਚਾ ਆਪਣੇ ਪਰਿਵਾਰ ਨਾਲ ਕਾਰ ਵਿੱਚ ਜਾ ਰਿਹਾ ਸੀ। ਪਤੰਗ ਨੂੰ ਦੇਖ ਕੇ ਜਿਵੇਂ ਹੀ ਉਸ ਨੇ ਖਿੜਕੀ ‘ਚੋਂ ਸਿਰ ਕੱਢਿਆ ਤਾਂ ਉਹ ਪਤੰਗ ਦੀ ਡੋਰ ਦੀ ਲਪੇਟ ‘ਚ ਆ ਗਿਆ। ਬੱਚੇ ਦਾ ਚਿਹਰਾ ਖੂਨ ਨਾਲ ਲੱਥਪੱਥ ਹੋ ਗਿਆ।
ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਡੀਐਮਸੀ ਲਈ ਰੈਫਰ ਕਰ ਦਿੱਤਾ। ਬੱਚੇ ਦੇ ਚਿਹਰੇ ‘ਤੇ 120 ਟਾਂਕੇ ਲੱਗੇ ਹਨ। ਚਿਹਰੇ ਦੀ ਇੱਕ ਹੋਰ ਸਰਜਰੀ ਕੀਤੀ ਜਾਣੀ ਹੈ। ਬੱਚੇ ਦਾ ਨਾਂ ਹਰਜੋਤ ਸਿੰਘ ਹੈ ਅਤੇ ਉਸ ਦੀ ਉਮਰ 4 ਸਾਲ ਹੈ। ਉਹ ਨਰਸਰੀ ਕਲਾਸ ਦਾ ਵਿਦਿਆਰਥੀ ਹੈ।
ਹਰਜੋਤ ਸਿੰਘ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਮੱਥਾ ਟੇਕਣ ਗਏ ਸਨ। ਘਰ ਵਾਪਸ ਆਉਂਦੇ ਹੋਏ ਜਦੋਂ ਉਹ ਨੀਲੋ ਨਹਿਰ ਦੇ ਪੁਲ ਨੇੜੇ ਟੋਲ ਬੈਰੀਅਰ ਪਾਰ ਕਰ ਰਹੇ ਸਨ ਤਾਂ ਉਸ ਦੇ ਲੜਕੇ ਨੇ ਪਤੰਗ ਦੇਖਣ ਲਈ ਕਾਰ ਦੀ ਖਿੜਕੀ ਵਿੱਚੋਂ ਸਿਰ ਬਾਹਰ ਕੱਢ ਦਿੱਤਾ। ਅਚਾਨਕ ਉਸ ਦੇ ਚਿਹਰੇ ‘ਤੇ ਪਲਾਸਟਿਕ ਦੀ ਡੋਰ ਉਲਝ ਗਈ। ਪਤੰਗ ਦੀ ਡੋਰ ਨਾਲ ਉਸ ਦੇ ਚਿਹਰੇ ‘ਤੇ ਕੱਟ ਦੇ ਨਿਸ਼ਾਨ ਪੈ ਗਏ।
ਇਸ ਤੋਂ ਬਾਅਦ ਉਸ ਨੇ ਸੜਕ ਦੇ ਕੰਢੇ ਕਾਰ ਰੋਕ ਦਿੱਤੀ। ਸਾਰਿਆਂ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਡੋਰ ਨੂੰ ਚਿਹਰੇ ਤੋਂ ਹਟਾਇਆ, ਕਿਉਂਕਿ ਡੋਰ ਸਾਰੇ ਚਿਹਰੇ ‘ਤੇ ਲਪੇਟੀ ਗਈ ਸੀ। ਉਸ ਨੂੰ ਚੰਡੀਗੜ੍ਹ ਰੋਡ ‘ਤੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : MP ਚੌਧਰੀ ਸੰਤੋਖ ਦਾ ਅੰਤਿਮ ਸੰਸਕਾਰ ਅੱਜ 11 ਵਜੇ, ਰਾਹੁਲ ਗਾਂਧੀ ਵੀ ਰਹਿਣਗੇ ਮੌਜੂਦ
ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਪਲਾਸਟਿਕ ਦਾ ਡੋਰ ਵੇਚਣ ਦੇ ਦੋਸ਼ ਵਿੱਚ ਕਈ ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਕੁਝ ਲੋਕ ਹੀ ਇਨ੍ਹਾਂ ਨੂੰ ਵੇਚਣ ਵਿੱਚ ਕਾਮਯਾਬ ਹੋਏ ਹਨ। ਪੁਲਿਸ ਹਾਈਵੇਅ ਨੇੜੇ ਪਾਬੰਦੀਸ਼ੁਦਾ ਡੋਰਾਂ ਨਾਲ ਪਤੰਗ ਉਡਾ ਰਹੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: