ਸੰਯੁਕਤ ਰਾਸ਼ਟਰ : ਚੀਨ ਨੇ ਪਾਕਿਸਤਾਨੀ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਕਰਨ ਦੇ ਅਮਰੀਕਾ-ਭਾਰਤ ਦੇ ਸਾਂਝੇ ਪ੍ਰਸਤਾਵ ਨੂੰ ਆਖਰੀ ਸਮੇਂ ਵਿੱਚ ਰੋਕ ਦਿੱਤਾ। ਅਮਰੀਕਾ ਅਤੇ ਭਾਰਤ ਨੇ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਣ ਲਈ ਸੁਰੱਖਿਆ ਪ੍ਰੀਸ਼ਦ ਦੀ ਅਲ ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਇੱਕ ਸੰਯੁਕਤ ਮਤਾ ਪੇਸ਼ ਕੀਤਾ ਸੀ। ਅਮਰੀਕਾ ਪਹਿਲਾਂ ਹੀ ਮੱਕੀ ਨੂੰ ਅੱਤਵਾਦੀ ਐਲਾਨ ਕਰ ਚੁੱਕਾ ਹੈ। ਮੱਕੀ ਲਸ਼ਕਰ-ਏ-ਤੋਇਬਾ ਦੇ ਆਗੂ ਅਤੇ 26/11 ਦੇ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਕਾਰ ਹਾਫਿਜ਼ ਸਈਦ ਦਾ ਰਿਸ਼ਤੇਦਾਰ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਰਤ ਅਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਆਈਐਸਆਈਐਲ (ਦਾਏਸ਼) ਅਤੇ ਅਲਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਣ ਲਈ ਇੱਕ ਸੰਯੁਕਤ ਮਤਾ ਪੇਸ਼ ਕੀਤਾ ਸੀ, ਪਰ ਚੀਨ ਨੇ ਆਖਰੀ ਪਲ ਮਤੇ ਵਿੱਚ ਅੜਿੱਕਾ ਪਾ ਦਿੱਤਾ। ਪਾਕਿਸਤਾਨ ਦਾ ਮਿੱਤਰ ਦੇਸ਼ ਚੀਨ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਅੱਤਵਾਦੀਆਂ ਨੂੰ ਸੂਚੀਬੱਧ ਕਰਨ ਦੀਆਂ ਭਾਰਤ ਅਤੇ ਉਸ ਦੇ ਸਹਿਯੋਗੀਆਂ ਦੀਆਂ ਕੋਸ਼ਿਸ਼ਾਂ ਨੂੰ ਰੋਕ ਚੁੱਕਾ ਹੈ।
ਭਾਰਤ ਨੇ ਮਈ 2019 ਵਿੱਚ ਸੰਯੁਕਤ ਰਾਸ਼ਟਰ ਵਿੱਚ ਇੱਕ ਵੱਡੀ ਕੂਟਨੀਤਕ ਜਿੱਤ ਹਾਸਲ ਕੀਤੀ, ਜਦੋਂ ਗਲੋਬਲ ਸੰਸਥਾ ਨੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ‘ਗਲੋਬਲ ਅੱਤਵਾਦੀ’ ਐਲਾਨਿਆ। ਭਾਰਤ ਨੂੰ ਅਜਿਹਾ ਕਰਨ ਵਿੱਚ ਲਗਭਗ ਇੱਕ ਦਹਾਕਾ ਲੱਗ ਗਿਆ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 15 ਮੈਂਬਰੀ ਸੰਸਥਾ ਵਿਚ ਚੀਨ ਇਕਲੌਤਾ ਅਜਿਹਾ ਦੇਸ਼ ਸੀ ਜਿਸ ਨੇ ਅਜ਼ਹਰ ਨੂੰ ਬਲੈਕਲਿਸਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਦੇਸ਼ ਅਮਰੀਕਾ, ਬ੍ਰਿਟੇਨ, ਚੀਨ, ਫਰਾਂਸ ਅਤੇ ਰੂਸ – ਸਥਾਈ ਮੈਂਬਰ ਹਨ, ਇਨ੍ਹਾਂ ਕੋਲ ‘ਵੀਟੋ’ ਦਾ ਅਧਿਕਾਰ ਹੈ, ਭਾਵ ਜੇ ਉਨ੍ਹਾਂ ਵਿੱਚੋਂ ਕੋਈ ਵੀ ਕੌਂਸਲ ਦੇ ਕਿਸੇ ਮਤੇ ਦੇ ਵਿਰੁੱਧ ਵੋਟ ਪਾਉਂਦਾ ਹੈ, ਤਾਂ ਉਹ ਮਤਾ ਪਾਸ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: