ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ‘ਚ ਇਕ ਵਾਰ ਫਿਰ ਨਿਹੰਗਾਂ ਅਤੇ ਈਸਾਈ ਭਾਈਚਾਰੇ ਵਿਚਾਲੇ ਝੜਪ ਹੋ ਗਈ। ਈਸਾਈ ਭਾਈਚਾਰੇ ਵੱਲੋਂ ਗੁੱਡ ਫਰਾਈਡੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ, ਇਸ ਦੌਰਾਨ ਕੁਝ ਨਿਹੰਗ ਸਿੱਖ ਗੱਡੀਆਂ ਵਿੱਚ ਪੁੱਜੇ ਅਤੇ ਸ਼ੋਭਾ ਯਾਤਰਾ ਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਈਸਾਈ ਭਾਈਚਾਰੇ ਨੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਦੂਜੇ ਪਾਸੇ ਸ਼ੋਭਾ ਯਾਤਰਾ ਵਿੱਚ ਸੁਰੱਖਿਆ ਨਾ ਦੇਣ ‘ਤੇ ਚੌਂਕੀ ਇੰਚਾਰਜ ‘ਤੇ ਗਾਜ਼ ਡਿੱਗੀ।
ਇਹ ਜਾਮ ਬਟਾਲਾ ਅਧੀਨ ਪੈਂਦੇ ਪਾਖਰਪੁਰਾ ਇਲਾਕੇ ਵਿੱਚ ਲਗਾਇਆ ਗਿਆ। ਇਸਾਈ ਭਾਈਚਾਰੇ ਨੇ ਦੱਸਿਆ ਕਿ ਗੁੱਡ ਫਰਾਈਡੇ ਦੇ ਮੌਕੇ ‘ਤੇ ਬਟਾਲਾ ਨੇੜੇ ਪਾਖਰਪੁਰਾ ਵਿਖੇ ਜਲੂਸ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਨਿਹੰਗ ਸਿੱਖ ਦੋ ਗੱਡੀਆਂ ਵਿੱਚ ਉੱਥੇ ਪਹੁੰਚ ਗਏ। ਆਉਂਦਿਆਂ ਹੀ ਉਨ੍ਹਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ ਅਤੇ ਉਨ੍ਹਾਂ ਨੂੰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਸ਼ੋਭਾ ਯਾਤਰਾ ਵਿੱਚ ਵਿਘਨ ਪਾਉਣ ਤੋਂ ਬਾਅਦ ਨਿਹੰਗ ਵਾਹਨਾਂ ਵਿੱਚ ਭੱਜ ਗਏ।
ਭਾਈਚਾਰੇ ਨੇ ਦੋਸ਼ ਲਾਇਆ ਕਿ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇੰਨਾ ਹੀ ਨਹੀਂ ਸ਼ੋਭਾ ਯਾਤਰਾ ਦੌਰਾਨ ਵੀ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਪਰ ਪੁਲਿਸ ਵੱਲੋਂ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ।
ਇਹ ਵੀ ਪੜ੍ਹੋ : SGPC ਨੇ NCERT ਦੀ 12ਵੀਂ ਦੇ ਸਿਲੇਬਸ ‘ਤੇ ਚੁੱਕੇ ਸਵਾਲ, ਕਿਹਾ-‘ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਗਲਤ ਅਰਥਾਂ ‘ਚ ਕੀਤਾ ਪੇਸ਼’
ਸੜਕ ਜਾਮ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਦੋ ਘੰਟੇ ਬਾਅਦ ਧਰਨਾ ਚੁੱਕ ਲਿਆ ਗਿਆ। ਅਧਿਕਾਰੀਆਂ ਨੇ ਈਸਾਈ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਦੋ ਦਿਨਾਂ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਡੀਐਸਪੀ ਮਨਮੋਹਨ ਸਿੰਘ ਨੇ ਸ਼ੋਭਾ ਯਾਤਰਾ ਦੌਰਾਨ ਵਾਪਰੀਆਂ ਘਟਨਾਵਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਸੁਰੱਖਿਆ ਨਾ ਦੇਣ ਕਾਰਨ ਚੌਕੀ ਇੰਚਾਰਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਦੋ ਦਿਨਾਂ ਵਿੱਚ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: