ਚੰਡੀਗੜ੍ਹ : ਸੀ.ਐੱਮ. ਭਗਵੰਤ ਮਾਨ ਨੇ ਅਹੁਦਾ ਸੰਭਾਲਣ ਪਿੱਛੋਂ ਅੱਜ ਮੁੱਖ ਮੰਤਰੀ ਦਫਤਰ ਵਿਖੇ ਵੀਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੂਬੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ‘ਪਬਲਿਕ ਸਰਵੈਂਟ’ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਹੀ ਲੋਕਤੰਤਰ ਵਿੱਚ ਅਸਲੀ ਸ਼ਾਸਕ ਹਨ, ਜਿਨ੍ਹਾਂ ਕੋਲ ਲੀਡਰਾਂ ਨੂੰ ਰਾਜ ਕਰਵਾਉਣ ਦੀ ਤਾਕਤ ਹੁੰਦੀ ਹੈ।
ਸੀ.ਐੱਮ. ਮਾਨ ਨੇ ਕਿਹਾ, ”ਮੈਚ ਜਿੱਤੇ ਜਾਂ ਹਾਰੇ ਜਾਂਦੇ ਹਨ ਪਰ ਟੀਮ ਦੀ ਭਾਵਨਾ ਹੀ ਮਾਇਨੇ ਰੱਖਦੀ ਹੈ।” ਇਸ ਲਈ ਅਧਇਕਾਰੀ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਟੀਮ ਦੀ ਭਾਵਨਾ ਦਾ ਪ੍ਰਦਰਸ਼ਨ ਕਰਨ। ਉਨ੍ਹਾਂ ਅੱਗੇ ਕਿਹਾ, “ਸਾਡੀ ਮੁੱਖ ਚਿੰਤਾ ਆਪਣੇ ਸੂਬੇ ਨੂੰ ਅਸਲ ਪੰਜਾਬ ਬਣਾਉਣਾ ਹੈ ਨਾ ਕਿ ਲੰਡਨ, ਕੈਲੀਫੋਰਨੀਆ ਜਾਂ ਪੈਰਿਸ।”
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਸੀ ਬਦਲਾਖੋਰੀ ‘ਚ ਸ਼ਾਮਲ ਨਹੀਂ ਹੋਵੇਗੀ ਅਤੇ ਸੂਬੇ ਦੇ ਸਮੁੱਚੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਪਿਛਲੀਆਂ ਸਰਕਾਰਾਂ ਦੇ ਉਲਟ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਆਪਣੀ ਡਿਊਟੀ ਨਿਡਰ ਹੋ ਕੇ ਪੂਰੀ ਲਗਨ, ਇਮਾਨਦਾਰੀ ਨਾਲ ਨਿਭਾਉਣ। ਪੰਜਾਬੀਆਂ ਨੇ ‘ਆਪ’ ਨੂੰ ਬੇਮਿਸਾਲ ਫੈਸਲੇ ਨਾਲ ਸੱਤਾ ‘ਚ ਲਿਆਂਦਾ ਹੈ।
ਮਾਨ ਨੇ ਅੱਗੇ ਕਿਹਾ, “ਮੈਂ ਪਿਛਲੀਆਂ ਸਿਆਸੀ ਪਾਰਟੀਆਂ ਵਾਂਗ ਲਾਲ ਡਾਇਰੀ ਨਹੀਂ ਰੱਖਦਾ ਅਤੇ ਸਿਰਫ ਹਰੇ ਰੰਗ ਦੀ ਡਾਇਰੀ ਰੱਖਦਾ ਹਾਂ ਇਸ ਲਈ ਤੁਹਾਨੂੰ ਕਿਸੇ ਬਦਲਾਖੋਰੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।”
ਮਾਨ ਨੇ ਸਿਵਲ ਅਤੇ ਪੁਲਿਸ ਦੋਵਾਂ ਅਧਿਕਾਰੀਆਂ ਦੀਆਂ ਬੇਮਿਸਾਲ ਕਾਬਲੀਅਤਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਮ ਆਦਮੀ ਦਾ ਸਤਿਕਾਰ ਕਰੋਗੇ ਅਤੇ ਬਦਲੇ ਵਿੱਚ ਅਸੀਂ ਵੀ ਇੱਕ ਜਨਤਾ ਦੇ ਨੌਕਰ ਹੋਣ ਦੀ ਅਸਲ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਤੁਹਾਨੂੰ ਬਣਦਾ ਸਤਿਕਾਰ ਅਤੇ ਮਾਨਤਾ ਦੇਵਾਂਗੇ।”
ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਵਿੱਚ ਭ੍ਰਿਸ਼ਟ ਅਫ਼ਸਰਾਂ ਦੀ ਕੋਈ ਥਾਂ ਨਹੀਂ ਹੈ ਅਤੇ ਜੇ ਅਜਿਹੀ ਕੋਈ ਸ਼ਿਕਾਇਤ ਮੇਰੇ ਧਿਆਨ ਵਿੱਚ ਆਉਂਦੀ ਹੈ ਤਾਂ ਅਜਿਹੇ ਅਫ਼ਸਰਾਂ ਲਈ ਕਿਸੇ ਕਿਸਮ ਦੀ ਹਮਦਰਦੀ ਦੀ ਆਸ ਨਾ ਰੱਖੀ ਜਾਵੇ।
ਸੀ.ਐੱਮ. ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਜਾਂ ਹੋਰ ਗਲਤ ਕੰਮਾਂ ਵਿੱਚ ਸ਼ਾਮਲ ਗਲਤ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਲੋਕਾਂ ਨੂੰ ਮੁਫ਼ਤ ਅਤੇ ਨਿਰਪੱਖ ਨਿਆਂ ਯਕੀਨੀ ਬਣਾਉਣ ਲਈ ਅਫ਼ਸਰਾਂ ਤੇ ਪੁਲਿਸ ਦਾ ਮਨੋਬਲ ਵਧਾਉਣ ਲਈ ਤਿਮਾਹੀ ‘ਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ‘ਬੈਸਟ ਪਰਫਾਰਮੈਂਸ ਐਵਾਰਡ’ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਆਸ ਪ੍ਰਗਟਾਈ ਕਿ ਇਹ ਉਪਰਾਲਾ ਨਿਸ਼ਚਿਤ ਤੌਰ ‘ਤੇ ਬਾਕੀ ਅਧਿਕਾਰੀਆਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ। ਮੁੱਖ ਮੰਤਰੀ ਨੇ ਡੀਜੀਪੀ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਨਮ ਦਿਨ ‘ਤੇ ਪਿਆਰ ਦੀ ਭਾਵਨਾ ਨਾਲ ਸੰਬੋਧਨ ਕਰਦਿਆਂ ਵਧਾਈ ਸੰਦੇਸ਼ ਭੇਜਣ ਦੇ ਵੀ ਨਿਰਦੇਸ਼ ਦਿੱਤੇ।
ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਮੁੱਖ ਚਿੰਤਾ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਭਰਪੂਰ ਮੌਕੇ ਪੈਦਾ ਕਰਨਾ ਹੋਵੇਗੀ ਤਾਂ ਜੋ ਸਾਡੇ ਸੂਬੇ ਤੋਂ ਵਿਦੇਸ਼ਾਂ ਵੱਲ ਜਾਣ ਦੇ ਮੰਦਭਾਗੇ ਰੁਝਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦੀ ਅਥਾਹ ਸੰਭਾਵਨਾਵਾਂ ਪੈਦਾ ਕਰਨ ਲਈ ਛੇਤੀ ਹੀ ਇੱਕ ਵਿਆਪਕ ਕਾਰਜ ਯੋਜਨਾ ਲੈ ਕੇ ਆਵੇਗੀ।