ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਕਰਕੇ ਖਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੇ ਦੇ ਚੈੱਕ ਵੰਡੇ ਗਏ। ਇਸ ਦੇ ਨਾਲ ਹੀ ਉਨ੍ਹਾਂ ਇਸੇ ਨੂੰ ਲੈ ਕੇ ਕੀਤੇ ਗਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਕਰਨ ਦਾ ਵੀ ਐਲਾਨ ਕੀਤਾ।
ਸੀ.ਐੱਮ. ਮਾਨ ਨੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਪੁੱਤਾਂ ਵਾਂਗ ਪਾਲੀਆਂ ਆਪਣੀਆਂ ਫਸਲਾਂ ਨੂੰ ਗੁਲਾਬੀ ਸੁੰਡੀ ਕਰਕੇ ਜਿਹੜੇ ਮੰਡੀ ਤੱਕ ਨਹੀਂ ਲੈ ਕੇ ਜਾ ਸਕੇ, ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ। ਜਿਹੜੇ ਚਿੱਟੀਆਂ ਤੇ ਗੁਲਾਬੀ ਸੁੰਡੀਆਂ ਦੇ ਨਾਂ ‘ਤੇ ਕਰੋੜਾਂ ਰੁਪਏ ਖਾਧੇ ਗਏ ਨੇ, ਉਨ੍ਹਾਂ ਦੀ ਵੀ ਜਾਂਚ ਕਰਾਂਗੇ ਤੇ ਉਹ ਪੈਸੇ ਵੀ ਤੁਹਾਡੀਆਂ ਜੇਬਾਂ ਤੱਕ ਵਾਪਿਸ ਪਹੁੰਚਾਵਾਂਗੇ।’
ਦੱਸ ਦੇਈਏ ਕਿ ਸੀ.ਐੱਮ. ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਦੋ ਦਿਨ ਬਾਅਦ ਹੀ ਕਿਸਾਨਾਂ ਲਈ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਲਈ ਮੁਆਵਜ਼ਾ ਜਾਰੀ ਕਰ ਦਿੱਤਾ ਸੀ। ਵਿਧਾਇਕ ਸਿੰਗਲਾ ਨੇ ਦੱਸਿਆ ਸੀ ਕਿ ਖਰਾਬ ਹੋਈ ਨਰਮੇ ਦੀ ਫਸਲ ਲਈ ਇੱਕ ਅਰਬ, ਇੱਕ ਕਰੋੜ, 39 ਲੱਖ, 45 ਹਜ਼ਾਰ 87 ਰੁਪਏ ਮੁਆਵਜ਼ਾ ਮਾਨਸਾ ਜਿਲ੍ਹੇ ਨੂੰ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੁਆਵਜ਼ੇ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਵੱਲੋਂ ਮੁਆਵਜ਼ਾ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।