ਮੋਹਾਲੀ ਤੋਂ ਕਿਸਾਨਾਂ ਦੇ ਵੱਡੇ ਰੋਸ ਮਾਰਚ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10.30 ਵਜੇ ਮੁੱਖ ਮੰਤਰੀ ਰਿਹਾਇਸ਼ ‘ਤੇ ਵਿਸ਼ੇਸ਼ ਮੀਟਿੰਗ ਸੱਦੀ ਹੈ, ਇਸ ਮੀਟਿੰਗ ਵਿੱਚ ਵੱਡੇ ਕਿਸਾਨ ਆਗੂ ਸ਼ਾਮਲ ਹੋਣਗੇ।
ਦੱਸਣਯੋਗ ਹੈ ਕਿ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨਾਲ ਜੁੜੇ ਸੈਂਕੜੇ ਕਿਸਾਨ ਮੰਗਲਵਾਰ ਸਵੇਰੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਏ, ਜਿੱਥੋਂ ਉਹ ਸੂਬਾ ਸਰਕਾਰ ਵੱਲੋਂ ਐਲਾਨੇ ਝੋਨੇ ਦੀ ਬਿਜਾਈ ਦੇ ਪ੍ਰੋਗਰਾਮ ਦੇ ਵਿਰੋਧ ਵਿੱਚ ਇੱਥੇ ਧਰਨਾ ਸ਼ੁਰੂ ਕਰਨ ਲਈ ਚੰਡੀਗੜ੍ਹ ਵੱਲ ਮਾਰਚ ਕਰਨ ਲਈ ਤਿਆਰ ਹਨ।
ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਗੱਲਬਾਤ ਫੇਲ੍ਹ ਹੋਣ ਮਗਰੋਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਿਛਲੇ ਹਫ਼ਤੇ ਧਰਨੇ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਦੇ ਹੁਕਮਾਂ ਮੁਤਾਬਕ 10 ਜੂਨ ਤੋਂ ਨਹੀਂ, ਸਗੋਂ 18 ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਸਰਕਾਰ ਨੇ ਕਿਹਾ ਸੀ ਕਿ ਖੇਤੀਬਾੜੀ ਪੰਪਸੈੱਟ ਖਪਤਕਾਰਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਉਨ੍ਹਾਂ ਵੱਲੋਂ ਐਲਾਨੀਆਂ ਗਈਆਂ ਤਰੀਕਾਂ ‘ਤੇ ਜ਼ੋਨਾਂ ਵਿੱਚ ਦਿੱਤੀ ਜਾਵੇਗੀ। ਸਰਕਾਰ ਵੱਲੋਂ ਸੂਬੇ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਤੋਂ ਬਿਜਲੀ ਲੋਡ ਵਧਾਉਣ ਲਈ ਵਸੂਲੀ ਜਾਣ ਵਾਲੀ ਫੀਸ ਘਟਾਈ ਜਾਵੇ।
ਇਸ ਤੋਂ ਇਲਾਵਾ 85,000 ਸਮਾਰਟ ਮੀਟਰਾਂ ਨੂੰ ਪ੍ਰੀ-ਪੇਡ ਮੀਟਰਾਂ ਵਿੱਚ ਬਦਲਣ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦੀਆਂ ਮੰਗਾਂ ਹਨ ਕਿ ਸਰਕਾਰ ਕਿਸਾਨਾਂ ਨੂੰ ਮੱਕੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਮਿਲਣ ਅਤੇ ਉਨ੍ਹਾਂ ਨੂੰ ਮੂੰਗੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੇ ਫੈਸਲੇ ਨੂੰ ਨੋਟੀਫਾਈ ਕਰੇ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ 23 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਗਿਆ ਹੈ ਪਰ ਕਿਸਾਨਾਂ ਨੂੰ ਕਣਕ ਅਤੇ ਝੋਨੇ ‘ਤੇ ਹੀ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੀਆਂ ਸੂਬਾ ਸਰਕਾਰ ਨਾਲ ਦੋ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੀਟਿੰਗਾਂ ਦੇ ਲੋੜੀਂਦੇ ਨਤੀਜੇ ਨਾ ਨਿਕਲਣ ਕਾਰਨ ਉਹ ਅੱਜ ਤੋਂ ਧਰਨਾ ਸ਼ੁਰੂ ਕਰਨ ਲਈ ਮਜਬੂਰ ਹਨ।