ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਅੱਜ ਵੱਡਾ ਤੋਹਫਾ ਦਿੱਤਾ ਗਿਆ ਹੈ। CM ਮਾਨ ਨੇ ਕਿਸਾਨਾਂ ਲਈ ਖੇਤਾਂ ਵਿਚ ਟਿਊਬਵੈੱਲਾਂ ਦੇ ਲੋਡ ਵਧਾਉਣ ਦਾ ਖਰਚਾ ਘਟਾ ਦਿੱਤਾ ਹੈ। ਇਸ ਨੂੰ ਘਟਾ ਕੇ 4750 ਰੁਪਏ ਤੋਂ 2500 ਰੁਪਏ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੀ ਆਰਥਿਕਤਾ ਖੇਤੀ ‘ਤੇ ਨਿਰਭਰ ਹੈ ਪਰ ਬਹੁਤ ਹੀ ਦੁੱਖ ਤੇ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕਿ ਉਸ ਦਾ ਪੁੱਤ ਖੇਤੀ ਕਰੇ। ਕਿਉਂਕਿ ਖੇਤੀ ਮਜਬੂਰੀ ਦਾ ਧੰਦਾ ਬਣ ਗਿਆ ਹੈ।
ਪਿਛਲੀ ਸਰਕਾਰਾਂ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਕਿਸਾਨ ਦੀ ਹਾਲਤ ਦਿਨ-ਬ-ਦਿਨ ਮਾੜੀ ਹੁੰਦੀ ਜਾ ਰਹੀ ਹੈ। ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਈਏ ਤੇ ਲੀਹ ‘ਤੇ ਲੈ ਕੇ ਆਈਏ। ਇਸ ਵਿਚ ਮੂੰਗੀ ਦੀ ਦਾਲ ‘ਤੇ ਐੱਮਐੱਸਪੀ ਦਿੱਤੀ ਤੇ ਲੋਕਾਂ ਨੇ ਬਹੁਤ ਸਾਥ ਦਿੱਤਾ। ਇਸ ਤੋਂ ਇਲਾਵਾ ਮੈਂ ਬੇਨਤੀ ਕੀਤੀ ਸੀ ਕਿ ਪਾਣੀ ਬਚਾਉਣ ਲਈ ਜੇਕਰ ਸਿੱਧੀ ਬਿਜਾਈ ਕਰ ਲਈ ਜਾਵੇ ਤਾਂ ਫਾਇਦਾ ਹੋਵੇਗਾ, ਧਰਤੀ ਬਚੇਗੀ, ਜਿਸ ਤੋਂ ਬਾਅਦ ਲੱਖਾਂ ਏਕੜ ਵਿਚ ਝੋਨਾ ਸਿੱਧਾ ਬੀਜਿਆ ਹੈ।
ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਕਿਸਾਨਾਂ ਦੀ ਮੰਗ ਸੀ ਕਿ ਖੇਤਾਂ ਵਿਚ ਟਿਊਬਵੈੱਲਾਂ ਲੱਗੀਆਂ ਹਨ, ਉਹ ਉਸ ਦਾ ਲੋਡ ਵਧਾਉਣਾ ਚਾਹੁੰਦੇ ਹਨ। ਲੋਡ ਵਧਾਉਣ ਦਾ ਖਰਚਾ ਬਹੁਤ ਜ਼ਿਆਦਾ ਹੈ। ਇਸ ਕਰਕੇ ਉਹ ਇਹ ਨਹੀਂ ਕਰ ਸਕਦੇ। ਇਸ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਮੋਟਰ ਦੇ ਲੋਡ ਵਧਾਉਣ ਦਾ ਇਕ ਹਾਰਸ ਪਾਵਰ ਦਾ ਖਰਚਾ ਪਹਿਲਾਂ 4750 ਰੁਪਏ ਸੀ, ਉਸ ਨੂੰ 2500 ਰੁਪਏ ਕਰ ਦਿੱਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਕਿਸਾਨ ਇਸ ਤੋਂ ਫਾਇਦਾ ਲੈਣਗੇ ਤੇ ਖੁਸ਼ ਹੋਣਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਖੇਤੀ ਦੀ ਲਾਗਤ ਘਟਾਈ ਜਾਵੇ। ਖਰਚਾ ਘਟਾਇਆ ਜਾਵੇ ਤੇ ਉਤਪਾਦਨ ਵੀ ਵੱਖ-ਵੱਖ ਬੀਜਾਂ ਨਾਲ ਵਧਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: