Corona 12 New Cases : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਵਧਦੇ ਹੀ ਜਾ ਰਹੇ ਹਨ। ਅੱਜ ਮੋਗਾ ਜ਼ਿਲੇ ਵਿਚ ਕੋਰੋਨਾ ਦੇ 11 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਸਰਦੂਲਗੜ੍ਹ ਤੋਂ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲੇ ਵਿਚ ਮਿਲੇ ਨਵੇਂ ਮਾਮਲਿਆਂ ਵਿਚੋਂ ਤਿੰਨ ਮਾਮਲੇ ਦੂਸਰੇ ਜ਼ਿਲਿਆਂ ਨਾਲ ਸਬੰਧਤ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 90 ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ ਵਿਚੋਂ 77 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ ਕੁਲ ਐਕਟਿਵ ਮਾਮਲਿਆਂ ਦੀ ਗਿਣਤੀ 13 ਹੈ, ਜਦਕਿ ਜ਼ਿਲੇ ਵਿਚ ਇਕ ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਜਿਨ੍ਹਾਂ 11 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ ਵਿਚੋਂ 8 ਮਰੀਜ਼ ਮੋਗਾ ਜ਼ਿਲੇ ਦੇ ਹੀ ਹਨ, ਜਦਕਿ ਦੋ ਮਾਮਲੇ ਲੁਧਿਆਣਾ ਅਤੇ ਇਕ ਮਾਮਲਾ ਜਲੰਧਰ ਨਾਲ ਸਬੰਧਤ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 6 ਮਾਮਲੇ ਬੀਤੇ ਵੀਰਵਾਰ ਕੋਰੋਨਾ ਕਾਰਨ ਮਰੇ ਇਕ ਵਿਅਕਤੀ ਦੇ ਸੰਪਰਕ ਵਾਲੇ ਹਨ। ਇਨ੍ਹਾਂ ਤੋਂ ਇਲਾਵਾ ਤੋਂ ਇਲਾਵਾ ਇਕ ਪੰਜਾਬ ਪੁਲਿਸ ਦੇ ਮੁਲਾਜ਼ਮ, ਇਕ ਮਹਿਲਾ ਲੇਬਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਉਥੇ ਹੀ ਦੋ ਵਿਅਕਤੀ ਹਾਲੈਂਡ ਤੋਂ ਅਤੇ ਇਕ ਵਿਅਕਤੀ ਮੁਜ਼ੱਫਰਨਗਰ ਤੋਂ ਪੰਜਾਬ ਵਾਪਿਸ ਪਰਤਿਆ ਸੀ, ਦੀ ਰਿਪੋਰਟ ਵਿਚ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਉਧਰ ਸਰਦਲੂਗੜ੍ਹ ਜ਼ਿਲੇ ਦੇ ਪਿੰਡ ਫੂਸਮੰਡੀ ਤੋਂ ਇਕ 60 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੋਹਣ ਲਾਲ ਅਰੋੜਾ ਨੇ ਦੱਸਿਆ ਕਿ ਬੀਤੇ ਵੀਰਵਾਰ ਨੂੰ ਮਾਂ-ਧੀ ਦਿੱਲੀ ਤੋਂ ਪਰਿੰਡ ਫੂਸਮੰਡੀ ਆਪਣੇ ਰਿਸ਼ਤੇਦਾਰਾਂ ਦੇ ਘਰ ਆਈਆਂ ਸਨ, ਜਿਨ੍ਹਾਂ ਨੂੰ ਕੁਆਰੰਟਾਈਨ ਕਰਕੇ ਸ਼ੁੱਕਰਵਾਰ ਨੂੰ ਇਨ੍ਹਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ। ਉਨ੍ਹਾਂ ਦੋਹਾਂ ਦੀ ਅੱਜ ਆਈ ਰਿਪੋਰਟ ਵਿਚ 60 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ’ਤੇ ਉਸ ਨੂੰ ਮਾਨਸਾ ਦੇ ਆਈਸੋਲੇਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ ਹੈ, ਹੁਣ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ।