ਪੰਜਾਬ ‘ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੀ ਅਲਰਟ ਹੋ ਗਈ ਹੈ। ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਲਈ ਕਿਹਾ।
ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 21 ਨਵੇਂ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ, ਐਕਟਿਵ ਕੇਸ ਹੁਣ 100 ਦੇ ਨੇੜੇ ਯਾਨੀ 90 ਹੋ ਗਏ ਹਨ।
ਮੰਗਲਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ 8 ਮਰੀਜ਼ ਲੁਧਿਆਣਾ ਅਤੇ 5 ਮਰੀਜ਼ ਜਲੰਧਰ ਤੋਂ ਸਾਹਮਣੇ ਆਏ। ਹਾਲਾਂਕਿ ਇੱਥੇ ਪਾਜ਼ੀਟਿਵਿਟੀ ਰੇਟ 1 ਫੀਸਦੀ ਤੋਂ ਵੀ ਘੱਟ ਹੈ। ਮੁਹਾਲੀ ਵਿੱਚ 3, ਪਠਾਨਕੋਟ ਵਿੱਚ 2 ਅਤੇ ਬਰਨਾਲਾ, ਗੁਰਦਾਸਪੁਰ, ਪਟਿਆਲਾ ਵਿੱਚ 1-1 ਮਰੀਜ਼ ਮਿਲਿਆ। ਪਠਾਨਕੋਟ ਵਿੱਚ ਸਭ ਤੋਂ ਵੱਧ ਪਾਜ਼ੀਟਿਵਿਟੀ ਰੇਟ 4.55 ਫੀਸਦੀ ਮਿਲਿਆ ਹੈ। ਮੰਗਲਵਾਰ ਨੂੰ ਪੰਜਾਬ ਵਿੱਚ ਰਾਜ ਦੀ ਪਾਜ਼ੀਟਿਵਿਟੀ ਰੇਟ 0.33% ਰਿਹਾ।
ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਨਵੇਂ ਮਰੀਜ਼ ਅਤੇ ਪਾਜ਼ੀਟਿਵ ਰੇਟ ਚਿੰਤਾ ਦਾ ਵਿਸ਼ਾ ਨਹੀਂ ਹੈ ਪਰ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਫਿਲਹਾਲ ਅਜਿਹਾ ਮਾਹੌਲ ਨਹੀਂ ਹੈ। ਇਸ ਲਈ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਫਿਰ ਵੀ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ। ਜੇ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਪਾਓ। ਪੰਜਾਬ ਪਹਿਲਾਂ ਵੀ ਮਾੜੇ ਹਾਲਾਤ ਵੇਖ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਪੰਜਾਬ ‘ਚ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 17,743 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੁੱਲ 7 ਲੱਖ 59 ਹਜ਼ਾਰ 304 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 7 ਲੱਖ 41 ਹਜ਼ਾਰ 471 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਮੰਗਲਵਾਰ ਨੂੰ ਕੋਵਿਡ ਦੇ 8,516 ਸੈਂਪਲ ਲਏ ਗਏ ਸਨ। ਇਸ ਦੇ ਨਾਲ ਹੀ 6,324 ਸੈਂਪਲਾਂ ਦੀ ਜਾਂਚ ਕੀਤੀ ਗਈ।