Corona patient of positive case : ਸੂਬੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਵੱਖ-ਵੱਖ ਜ਼ਿਲਿਆਂ ’ਚੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਪਠਾਨਕੋਟ ਤੋਂ ਦੋ ਅਤੇ ਫਰੀਦਕੋਟ ਤੋਂ 3 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਪਠਾਨਕੋਟ ਜ਼ਿਲੇ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਵੱਲੋਂ ਕੀਤੀ ਗਈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਮਾਮਲਾ ਮੀਰਪੁਰ ਕਾਲੋਨੀ ਅਤੇ ਦੂਸਰਾ ਮਾਡਲ ਟਾਊਨ ਨਾਲ ਸਬੰਧਤ ਹੈ। ਇਨ੍ਹਾਂ ਦੋ ਨਵੇਂ ਮਾਮਲਿਆਂ ਦੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 88 ਹੋ ਗਈ ਹੈ, ਜਿਨ੍ਹਾਂ ਵਿਚੋਂ 4 ਮਰੀਜ਼ਾਂ ਦੀ ਇਸ ਖਤਰਨਾਕ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚੋਂ ਹੁਣ ਤੱਕ 43 ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦਿੱਤੀ ਹੈ ਅਤੇ ਫਿਲਹਾਲ ਅਜੇ ਵੀ 39 ਕੇਸ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਉਧਰ ਫਰੀਦਕੋਟ ਵਿਚ ਤਿੰਨ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਨ੍ਹਾਂ ਵਿਚ ਪਹਿਲਾਂ ਹੀ ਪਾਜ਼ੀਟਿਵ ਆਏ ਪੁਲਿਸ ਦੇ ਏਐਸਆਈ ਦੇ ਸੰਪਰਕ ਵਿਚ ਆਏ 2 ਕੋਟਕਪੂਰਾ ਦੇ ਵਿਅਕਤੀਆਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਹੁਸ਼ਟੀ ਹੋਈ ਹੈ, ਜਦਕਿ ਇਕ ਹੋਰ ਪੁਲਿਸ ਦਾ ਹੀ ਏਐਸਆਈ ਜੋ ਬਾਜਾਖਾਨਾ ਵਿਖੇ ਡਿਊਟੀ ’ਤੇ ਤਾਇਨਾਤ ਸੀ, ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਦੇ ਅੱਜ ਤੱਕ 5749 ਸੈਂਪਲ ਲੈਬ ਵਿਚ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 358 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਪ੍ਰਾਪਤ ਨਤੀਜਿਆਂ ਵਿਚ 5230 ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਦਕਿ ਇਨ੍ਹਾਂ ਤਿੰਨ ਰਿਪੋਰਟਾਂ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਜ਼ਿਲੇ ਵਿਚ ਕੁਲ ਐਕਟਿਵ ਕੇਸਾਂ ਦੀ ਗਿਣਤੀ 10 ਹੋ ਗਈ ਹੈ। ਇਨ੍ਹਾਂ ਕੋਵਿਡ-19 ਮਰੀਜ਼ਾਂ ਦਾ ਇਲਾਜ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿਚ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਠੇ ਕਰਕੇ ਲੈਬ ਵਿਚ ਜਾਂਚ ਲਈ ਭੇਜੇ ਜਾ ਰਹੇ ਹਨ।