Corona Positive 8 New Patients : ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ’ਚ ਪਠਾਨਕੋਟ ਤੋਂ ਕੋਰੋਨਾ ਦੇ ਇਕੱਠੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਇਕ 6 ਸਾਲ ਦਾ ਬੱਚਾ ਵੀ ਸ਼ਾਮਲ ਹੈ ਤੇ ਉਸ ਤੋਂ ਇਲਾਵਾ 7 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਪਠਾਨਕੋਟ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 60 ਹੋ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ 29 ਕੇਸ ਐਕਟਿਵ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਠਾਨਕੋਟ ਵਿਚ ਇਕ ਕੋਰੋਨਾ ਮਰੀਜ਼ ਇਸ ਖਤਰਨਾਕ ਵਾਇਰਸ ਕਰਕੇ ਮੌਤ ਦੇ ਮੂੰਹ ’ਚ ਜਾ ਚੁੱਕਾ ਹੈ, ਜਦਕਿ ਹੁਣ ਤੱਕ 29 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਹੁਣ ਤੱਕ ਸੂਬੇ ਭਰ ਵਿਚ ਉਕਤ ਕੇਸਾਂ ਤੋਂ ਇਲਾਵਾ ਕੋਰੋਨਾ ਦੇ ਅੰਮ੍ਰਿਤਸਰ ਜ਼ਿਲੇ ਵਿਚ ਅੱਜ ਕੋਰੋਨਾ ਦੇ 13, ਹੁਸ਼ਿਆਰਪੁਰ ਵਿਚ 4, ਫਾਜ਼ਿਲਕਾ ਤੋਂ 2, ਫਤਿਹਗੜ੍ਹ ਸਾਹਿਬ ’ਚ 1 ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2255 ਹੋ ਗਈ ਹੈ, ਜਿਨ੍ਹਾਂ ਵਿਚੋਂ 1981 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 44 ਮਰੀਜ਼ਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਦੱਸ ਦੇਈਏ ਕਿ ਕਰਫਿਊ ਦੇ ਖੁੱਲ੍ਹਣ ਤੋਂ ਬਾਅਦ ਮੁੜ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਵੱਲੋਂ ਕਰਫਿਊ ’ਚ ਸਰਕਾਰ ਵੱਲੋਂ ਦਿੱਤੀ ਗਈ ਢਿੱਲ ਦਾ ਨਾਜਾਇਜ਼ ਫਾਇਦਾ ਚੁੱਕੇ ਜਾਣ ਕਰਕੇ ਕੋਰੋਨਾ ਦੇ ਮਾਮਲੇ ਮੁੜ ਪੰਜਾਬ ਵਿਚ ਵਧਣੇ ਸ਼ੁਰੂ ਹੋ ਗਏ ਹਨ। ਇਸੇ ਨੂੰ ਧਿਆਨ ਵਿਚ ਰਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਇਸ ਲਈ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਨ ’ਤੇ ਜੁਰਮਾਨਿਆਂ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ, ਤਾਂਕਿ ਲੋਕ ਵੱਧ ਤੋਂ ਵੱਧ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ, ਜਿਸ ਵਿਚ ਹੁਣ ਮਾਸਕ ਨਾ ਪਹਿਨਣ ’ਤੇ 200 ਦੀ ਜਗ੍ਹਾ 500 ਰੁਪਏ ਜੁਰਮਾਨਾ ਦੇਣਾ ਪਏਗਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ’ਤੇ 2000 ਤੱਕ ਰੁਪਏ ਭਰਨੇ ਪੈਣਗੇ।