Corona Positive Five new : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਮੋਗਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦੋ ਅਤੇ ਮੋਹਾਲੀ ਤੋਂ ਤਿੰਨ ਮਾਮਲੇ ਸਾਹਮਣੇ ਆਏ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅੱਜ ਮੋਗਾ ਜ਼ਿਲੇ ਵਿਚੋਂ ਇਕ ਮਰੀਜ਼ ਦਾ ਫਰੀਦੋਕਟ ਦੇ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ, ਜਦਕਿ ਦੂਸਰਾ ਮਰੀਜ਼ ਜੋਕਿ ਦੌਧਰ ਦਾ ਰਹਿਣ ਵਾਲਾ ਹੈ, ਨੂੰ ਬਾਘਾਪੁਰਾਣਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਾ ਹੈ। ਦੱਸਣਯੋਗ ਹੈ ਇਨ੍ਹਾਂ ਦੋ ਮਾਮਲਿਆਂ ਨੂੰ ਮਿਲਾ ਕੇ ਹੁਣ ਤੱਕ ਮੋਗਾ ਜ਼ਿਲੇ ਵਿਚ ਕੁਲ 67 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ ਵਿਚੋਂ 65 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਤਾਜ਼ਾ ਮਿਲੇ ਇਹ ਦੋ ਮਾਮਲੇ ਹੀ ਐਕਟਿਵ ਹਨ।
ਉਧਰ ਅੱਜ ਸਵੇਰੇ ਮੋਹਾਲੀ ਜ਼ਿਲੇ ਦੇ ਡੇਰਾਬੱਸੀ ਵਿਚ ਵਿ 3 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਡੇਰਾਬੱਸੀ ਸਥਿਤ ਪ੍ਰੀਤ ਨਗਰ ਦੇ 57 ਸਾਲਾ ਵਿਅਕਤੀ, ਸਿਵਲ ਕੰਪਲੈਕਸ ਦੇ 25 ਸਾਲਾ ਨੌਜਵਾਨ ਅਤੇ ਭੇਰਾ ਪਿੰਡ ਦੀ 22 ਸਾਲਾ ਇਕ ਔਰਤ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ 25 ਸਾਲਾ ਪਾਜ਼ੀਟਿਵ ਪਾਇਆ ਗਿਆ ਨੌਜਵਾਨ ਮਥੁਰਾ ਤੋਂ 8 ਜੂਨ ਨੂੰ ਪਰਤਿਆ ਸੀ, ਜਦੋਂਕਿ 22 ਸਾਲਾ ਔਰਤ ਫਲੂ ਕਾਰਨ ਹਸਪਤਾਲ ਵਿਚ ਦਾਖਲ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨੋਂ ਪਾਜ਼ੀਟਿਵ ਆਏ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੁਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 143 ਹੋ ਗਈ ਹੈ, ਜਦੋਂਕਿ 112 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਮੋਹਾਲੀ ਜ਼ਿਲੇ ਵਿਚ ਕੋਰੋਨਾ ਵਾਇਰਸ ਕਾਰਨ 3 ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦਕਿ ਇਸ ਸਮੇਂ ਜ਼ਿਲੇ ਵਿਚ 28 ਐਕਟਿਵ ਕੇਸ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।