Covid patient from Moga : ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਹੁਣ ਕੋਰੋਨਾ ਨਾਲ ਅੱਜ ਵੀਰਵਾਰ ਨੂੰ ਬਠਿੰਡਾ ਜ਼ਿਲੇ ਵਿਚ ਕੋਰੋਨਾ ਨਾਲ ਇਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ ਪਹਿਲੀ ਮੌਤ ਹੈ। ਮਿਲੀ ਜਾਣਕਾਰੀ ਮੁਤਾਬਕ ਆਦੇਸ਼ ਹਸਪਤਾਲ ਵਿਚ ਦਾਖਲ ਕਰਵਾਏ ਗਏ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਦਮ ਤੋੜ ਦਿੱਤਾ।
ਉਕਤ ਮਰੀਜ਼ ਦੀ ਕੁਝ ਦਿਨ ਪਹਿਲਾਂ ਨਿਊਰੋ ਸਰਜਰੀ ਹੋਈ ਸੀ। ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ। ਅੱਜ ਸਵੇਰੇ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਹਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਕੁੰਦਨ ਪਾਲ ਨੇ ਦੱਸਿਆ ਕਿ ਕੋਵਿਡ ਦਾ ਟੈਸਟ ਮਰੀਜ਼ ਦੇ ਆਪ੍ਰੇਸ਼ਨ ਤੋਂ ਪਹਿਲਾਂ ਲਿਆ ਗਿਆ ਸੀ, ਜਿਸ ਦੀ ਰਿਪੋਰਟ ਆਪ੍ਰੇਸ਼ਨ ਤੋਂ ਬਾਅਦ ਆਈ ਸੀ। ਆਪ੍ਰੇਸ਼ਨ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਦੇ ਚੱਲਦਿਆਂ ਉਸ ਦੀ ਅੱਜ ਮੌਤ ਹੋ ਗਈ। ਜ਼ਿਲ੍ਹੇ ਵਿੱਚ ਇਹ ਪਹਿਲੀ ਮੌਤ ਹੈ।
ਦੱਸਣਯੋਗ ਹੈ ਕਿ ਉਕਤ ਕੋਵਿਡ-19 ਮਰੀਜ਼ ਦੇ ਆਪ੍ਰੇਸ਼ਨ ਦੌਰਾਨ ਸੰਪਰਕ ਵਿਚ ਆਉਣ ਕਾਰਨ ਹਸਪਤਾਲ ਦੇ ਡਾਕਟਰਾਂ ਤੋਂ ਇਲਾਵਾ ਸਟਾਫ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੀ ਕੋਰੋਨਾ ਜਾਂਚ ਲਈ ਸੈਂਪਲ ਲਏ ਜਾਣਗੇ। ਜ਼ਿਕਰਯੋਗ ਹੈ ਕਿ ਅੱਜ ਅੰਮ੍ਰਿਤਸਰ ਜ਼ਿਲੇ ਵਿਚ ਵੀ ਕੋਰੋਨਾ ਕਾਰਨ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜਲੰਧਰ ਜ਼ਿਲੇ ਦੇ ਵੀ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਲੁਧਿਆਣਾ ਹਸਪਤਾਲ ਵਿਚ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਦਮ ਤੋੜ ਦਿੱਤਾ।