Daytime robbery at UCO Bank : ਜਲੰਧਰ : ਆਦਮਪੁਰ ਦੇ ਨੇੜਲੇ ਪਿੰਡ ਕਾਲੜਾ ਵਿੱਚ ਦਿਨ ਦਿਹਾੜੇ ਡਕੈਤਾਂ ਨੇ ਨਾ ਸਿਰਫ ਲੱਖਾਂ ਰੁਪਏ ਦੀ ਡਕੈਤੀ ਕੀਤੀ, ਸਗੋਂ ਆਪਣੇ ਰਸਤੇ ਵਿੱਚ ਸਾਹਮਣਾ ਕਰਨ ਆਏ ਉਥੇ ਤਾਇਨਾਤ ਸਕਿਓਰਿਟੀ ਗਾਰਡ ਦਾ ਵੀ ਕਤਲ ਕਰ ਦਿੱਤਾ। ਗੰਨਮੈਨ ਦੀ ਪਛਾਣ ਸੁਰਿੰਦਰ ਸਿੰਘ ਵਜੋੰ ਹੋਈ ਹੈ, ਜੋਕਿ ਦਰੋਲੀ ਕਲਾਂ ਦਾ ਰਹਿਣ ਵਾਲਾ ਹੈ। ਬੈਂਕ ਦੇ ਮੈਨੇਜਰ ਸੰਜੇ ਚੋਪੜਾ ਨੇ ਦੱਸਿਆ ਕਿ ਦੁਪਹਿਰ 1:30 ਵਜੇ ਦੇ ਕਰੀਬ ਚਾਰ ਨਕਾਬਪੋਸ਼ ਵਿਅਕਤੀ ਬੈਂਕ ਦੇ ਅੰਦਰ ਆਏ। ਦੋ ਉਨ੍ਹਾਂ ਕੋਲ ਆਏ ਅਤੇ ਦੋ ਕੈਸ਼ ਕਾਊਂਟਰ ਵੱਲ ਚਲੇ ਗਏ। ਇਸ ਦੌਰਾਨ ਸ਼ੱਕ ਹੋਣ ’ਤੇ ਸਕਿਓਰਿਡੀ ਗਾਰਡ ਸੁਰਿੰਦਰ ਸਿੰਘ ਉਸ ਕੋਲ ਗਿਆ ਤਾਂ ਉਨ੍ਹਾਂ ਵਿੱਚ ਹੱਥੋਪਾਈ ਹੋ ਗਈ ਅਤੇ ਲੁਟੇਰਿਆਂ ਨੇ ਉਸ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਲੁਟੇਰੇ ਕੈਸ਼ੀਅਰ ਤੋਂ ਕਰੀਬ ਸਵਾ ਛੇ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਆਦਮਪੁਰ ਥਾਣਾ ਸਦਰ ਦੇ ਪੁਲਿਸ ਕਮਿਸ਼ਨਰ ਗੁਰਿੰਦਰਜੀਤ ਸਿੰਘ ਨਾਗਰਾ ਡੀਐਸਪੀ ਹਰਿੰਦਰ ਸਿੰਘ ਮਾਨ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਲੁਟੇਰੇ ਕਰੰਸੀ ਦੇ ਟਰੰਕ ਅਤੇ ਗੰਨਮੈਨ ਦੀ ਬੰਦੂਕ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਬੈਂਕ ਦੀ ਸੀਸੀਟੀਵੀ ਫੁਟੇਜ ਲੈ ਲਈ ਹੈ। ਹੁਣ ਤਕ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਹਥਿਆਰਬੰਦ ਲੁਟੇਰੇ ਮੋਟਰਸਾਈਕਲਾਂ ਅਤੇ ਐਕਟਿਵਾ ‘ਤੇ ਆਏ ਸਨ।
ਉਨ੍ਹਾਂ ਦੇ ਮੂੰਹ ਢਕੇ ਹੋਏ ਸਨ, ਕਿਉਂਕਿ ਇਹ ਹੁਣ ਕੋਵਿਡ ਦੇ ਕਾਰਨ ਆਮ ਹੈ, ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਹੀਂ ਹੋਇਆ। ਪੁਲਿਸ ਹੁਣ ਸੀਸੀਟੀਵੀ ਫੁਟੇਜ ਤੋਂ ਸਕੂਟੀ ਅਤੇ ਮੋਟਰਸਾਈਕਲ ਨੰਬਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਸੁਰਾਗ ਹਾਸਲ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਬੈਂਕ ਦੇ ਗਾਰਡ ਸੁਰਿੰਦਰ ਸਿੰਘ ਨੇ ਉਸ ਦਾ ਪੂਰਾ ਸਾਹਮਣਾ ਕੀਤਾ। ਕਾਫੀ ਸਮੇਂ ਤੋਂ ਝਗੜੇ ਤੋਂ ਬਾਅਦ ਲੁਟੇਰਿਆਂ ਨੇ ਉਸਦੀ ਲੱਤ ਵਿੱਚ ਇੱਕ ਗੋਲੀ ਮਾਰ ਦਿੱਤੀ।
ਇਸ ਤੋਂ ਬਾਅਦ ਵੀ ਜਦੋਂ ਗਾਰਡ ਲੜਦਾ ਰਿਹਾ ਤਾਂ ਉਨ੍ਹਾਂ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਇਸ ਨਾਲ ਉਸ ਦੀ ਮੌਕੇ ’ਤੇ ਹੋ ਗਈ। ਪੁਲਿਸ ਇਹ ਖਦਸ਼ਾ ਪ੍ਰਗਟਾ ਰਹੀ ਹੈ ਕਿ ਉਨ੍ਹਾਂ ਕੋਲ ਮੋਟਰਸਾਈਕਲਾਂ ਤੇ ਸਕੂਟੀ ਸੀ ਤਾਂ ਉਹ ਬਹੁਤਾ ਦੂਰ ਨਹੀਂ ਗਏ ਹੋਣਗੇ। ਦਿਹਾਤ ਦੇ ਪੂਰੇ ਐਂਟਰੀ-ਐਗਜ਼ਿਟ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰੇਟ ਨਾਲ ਲੱਗਦੀ ਜਲੰਧਰ ਦੀ ਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।