Death in Sangrur due to Corona : ਕੋਰੋਨਾ ਵਾਇਰਸ ਦਾ ਕਹਿਰ ਸੰਗਰੂਰ ਵਿਚ ਲਗਾਤਾਰ ਜਾਰੀ ਹੈ। ਅੱਜ ਫਿਰ ਜ਼ਿਲੇ ਵਿਚ ਇਸ ਮਹਾਮਾਰੀ ਨਾਲ ਦੋ ਹੋਰ ਮੌਤਾਂ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਦੇ ਪਿੰਡ ਕਾਂਝਲਾ ਦੇ ਰਹਿਣ ਵਾਲੇ ਇਕ 63 ਸਾਲਾ ਬਜ਼ੁਰਗ ਦੀ ਰਿਪੋਰਟ ਵਿਚ ਕੱਲ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਅੱਜ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਮਾਲੇਰਕੋਟਲਾ ਦੇ ਇਕ 64 ਸਾਲਾ ਬਜ਼ੁਰਗ ਨੇ ਵੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ ਤੇ ਹਾਲਤ ਗੰਭੀਰ ਹੋਣ ਕਾਰਨ ਇਸ ਨੂੰ ਵੈਂਟੀਲੇਟਰ ’ਤੇ ਰਖਿਆ ਹੋਇਆ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਕੋਰੋਨਾ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਇਕ 65 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਬਜ਼ੁਰਗ ਨੂੰ 18 ਜੂਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਹ ਬਜ਼ੁਰਗ ਸ਼ੂਗਰ ਸਣੇ ਹੋਰ ਕਈ ਬੀਮਾਰੀਆਂ ਤੋਂ ਪੀੜਤ ਸੀ ਤੇ ਹਾਲਤ ਗੰਭੀਰ ਹੋਣ ਕਾਰਨ ਇਸ ਨੂੰ ਵੈਂਟੀਲੇਟਰ ’ਤੇ ਹੀ ਰਖਿਆ ਗਿਆ ਸੀ। ਦੱਸ ਦੇਈਏ ਕਿ ਅੱਜ ਹੋਈਆਂ ਮੌਤਾਂ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਇਨ੍ਹਾਂ ਵਿਚੋਂ ਮਾਲੇਰੋਕਟਲਾ ਵਿਚ 7 ਅਹਿਮਦਗੜ੍ਹ ਤੋਂ ਕੋਰੋਨਾ ਨਾਲ ਇਕ ਮੌਤ ਹੋਈ ਹੈ।
ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲੇ ਵਿਚ ਕੋਰੋਨਾ ਦੇ ਅਜੇ ਵੀ 149 ਸਰਗਰਮ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਚਾਰ ਮਰੀਜ਼ਾਂ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਹੁਣ ਤੱਕ 145 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਕੇ ਇਹ ਜੰਗ ਫਤਿਹ ਕਰ ਲਈ ਹੈ। ਦੱਸਣਯੋਗ ਹੈ ਕਿ ਕੋਰੋਨਾ ਦੇ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਹੁਣ ਤੱਕ ਸੂਬੇ ਵਿਚ ਇਸ ਮਹਾਮਾਰੀ ਨਾਲ 111 ਲੋਕਾਂ ਦੀ ਜਾਨ ਜਾ ਚੁੱਕੀ ਹੈ।