ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਲਈ ਵੱਡੀ ਕਾਮਯਾਬੀ ਹੈ। ਪੁਲਿਸ ਨੇ ਉਸ ਨੂੰ ਦੋ ਸਾਥੀਆਂ ਕਪਿਲ ਪੰਡਤ, ਰਾਜਿੰਦਰ ਜੋਕਰ ਸਣੇ ਬੰਗਾਲ-ਨੇਪਾਲ ਬਾਰਡਰ ਤੋਂ ਫੜਿਆ ਹੈ। ਪੁਲਿਸ ਦੀਪਕ ਮੁੰਡੀ ਨੂੰ ਸਾਥੀਆਂ ਸਣੇ ਲੈ ਕੇ ਚੰਡੀਗੜ੍ਹ ਏਅਰਪੋਰਟ ਪਹੁੰਚ ਚੁੱਕੀ ਹੈ।
ਬੋਲੈਰੋ ‘ਚ ਸਵਾਰ ਦੀਪਕ ਮੁੰਡੀ, ਪ੍ਰਿਅਵਰਤ ਫੌਜੀ ਅਤੇ ਅੰਕਿਤ ਸਿਰਸਾ ਨੇ ਦੋਵੇਂ ਹੱਥਾਂ ‘ਚ ਪਿਸਤੌਲ ਲੈ ਕੇ ਥਾਰ ‘ਚ ਸਵਾਰ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਸਨ। ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਮੂਸੇਵਾਲਾ ਮਰ ਚੁੱਕਾ ਹੈ ਤਾਂ ਤਿੰਨੋਂ ਉਥੋਂ ਭੱਜ ਗਏ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਤੋਂ ਪ੍ਰਿਅਵਰਤ ਫੌਜੀ, ਅੰਕਿਤ ਸਿਰਸਾ, ਅੰਕਿਤ ਜਾਟ, ਮੋਨੂੰ ਡਾਗਰ ਅਤੇ ਹੋਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਪਰ ਮੁੰਡੀ ਚਕਮਾ ਦਿੰਦਾ ਰਿਹਾ। ਇਸ ਦੀ ਗ੍ਰਿਫ਼ਤਾਰੀ ਪੁਲਿਸ ਲਈ ਚੁਣੌਤੀ ਬਣੀ ਹੋਈ ਹੈ। ਅਸਲ ਵਿੱਚ ਮੂਸੇਵਾਲਾ ਦੇ ਕਤਲ ਵਿੱਚ ਦੋ ਗੱਡੀਆਂ ਕੋਰੋਲਾ ਅਤੇ ਬੋਲੈਰੋ ਦੀ ਵਰਤੋਂ ਕੀਤੀ ਗਈ ਸੀ। ਬੋਲੈਰੋ ‘ਚ ਪ੍ਰਿਯਵਰਤ ਫੌਜੀ, ਅੰਕਿਤ ਸਿਰਸਾ, ਅੰਕਿਤ ਜਾਟ ਅਤੇ ਸੋਨੂੰ ਸਵਾਰ ਸਨ। ਜਦਕਿ ਕੋਰੋਲਾ ‘ਚ ਸ਼ੂਟਰ ਮਨਪ੍ਰੀਤ ਮੰਨੂ ਅਤੇ ਰੂਪਾ ਸਮੇਤ ਹੋਰ ਤਿੰਨ ਸ਼ੂਟਰ ਹਥਿਆਰਾਂ ਨਾਲ ਲੈਸ ਸਨ। ਸ਼ੂਟਰ ਮੰਨੂੰ ਅਤੇ ਰੂਪਾ ਨੂੰ ਪੰਜਾਬ ਪੁਲਿਸ ਨੇ 20 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਇੱਕ ਐਕਾਊਂਟਰ ਦੌਰਾਨ ਮਾਰ ਦਿੱਤਾ ਸੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਿੱਲੀ ਪੁਲਿਸ ਅਤੇ ਪੰਜਾਬ ਪੁਲਸ ਦਾ ਸਪੈਸ਼ਲ ਸੈੱਲ ਫਰਜ਼ੀ ਪਾਸਪੋਰਟ ਬਣਾਉਣ ਵਾਲਿਆਂ ਦੀ ਭਾਲ ‘ਚ ਹੈ। ਸੂਤਰਾਂ ਦਾ ਦਾਅਵਾ ਹੈ ਕਿ ਗੋਲੀ ਚਲਾਉਣ ਵਾਲਿਆਂ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਸ਼ੂਟਰ ਦੀਪਕ ਮੁੰਡੀ ਉਸ ਥਾਂ ‘ਤੇ ਕਈ ਦਿਨਾਂ ਤੋਂ ਲੁਕਿਆ ਹੋਇਆ ਸੀ, ਜਿੱਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਜਦੋਂ ਪੁਲਿਸ ਨੇ ਮੁਲਜ਼ਮ ਨੂੰ ਚਾਰੋਂ ਪਾਸਿਓਂ ਘੇਰ ਲਿਆ ਤਾਂ ਹੋਰ ਕੋਈ ਚਾਰਾ ਨਾ ਦੇਖ ਕੇ ਉਸ ਨੇ ਪੁਲਿਸ ਅੱਗੇ ਗੋਡੇ ਟੇਕ ਕੇ ਗ੍ਰਿਫ਼ਤਾਰੀ ਦਿੱਤੀ। ਉਸ ਨੂੰ ਡਰ ਸੀ ਕਿ ਕਿਤੇ ਮੰਨੂ ਤੇ ਰੂਪਾ ਵਾਂਗ ਉਸ ਦਾ ਵੀ ਐਨਕਾਊਂਟਰ ਨਾ ਹੋ ਜਾਏ।
ਦੀਪਕ ਮੁੰਡੀ ਨਾਲ ਫੜੇ ਗਏ ਗੈਂਗਸਟਰ ਕਪਿਲ ਪੰਡਿਤ ਦਾ ਗੈਂਗ ਰਾਜਸਥਾਨ ‘ਚ ਸਰਗਰਮ ਹੋ ਗਿਆ ਹੈ। ਪੰਡਿਤ ਖਿਲਾਫ ਕਤਲ ਅਤੇ ਫਿਰੌਤੀ ਦੇ ਦਰਜਨਾਂ ਮਾਮਲੇ ਦਰਜ ਹਨ। ਕਤਲ, ਫਿਰੌਤੀ ਦੇ ਜੁਰਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਯੂਪੀ ਵਿੱਚ ਸ਼ਰਾਬ ਦੀ ਤਸਕਰੀ ਕਰਦਾ ਸੀ। ਲਾਰੈਂਸ ਬਿਸ਼ਨੋਈ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਇੱਕ ਵੱਡੇ ਗੈਂਗਸਟਰ ਵਜੋਂ ਵੀ ਜਾਣਿਆ ਜਾਣ ਲੱਗਾ। ਪੁਲਿਸ ਦਾ ਮੰਨਣਾ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਪਿਲ ਪੰਡਿਤ ਨੇ ਹੀ ਸ਼ੂਟਰਾਂ ਨੂੰ ਸੁਰੱਖਿਅਤ ਦੂਜੇ ਰਾਜਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਠੁਕਰਾਈ ਪਰਾਲੀ ਮੁਆਵਜ਼ੇ ਦੀ ਮੰਗ, CM ਮਾਨ ਬੋਲੇ, ‘ਅਸੀਂ ਪਿੱਛੇ ਨਹੀਂ ਹਟਾਂਗੇ’
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: