Delhi will be sealed off from all sides : ਦਿੱਲੀ ਵਿੱਚ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਨਾਲ ਲੱਗਦੇ ਸਾਰੇ 5 ਹਾਈਵੇ ਜਾਮ ਕੀਤੇ ਜਾਣਗੇ। ਕਿਸਾਨਾਂ ਵੱਲੋਂ ਦਿੱਲੀ ਨੂੰ ਸਾਰੇ ਪਾਸਿਓਂ ਸੀਲ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਗੱਲਬਾਤ ਲਈ ਸ਼ਰਤ ਰੱਖਣਾ ਕਿਸਾਨਾਂ ਦਾ ਅਪਮਾਨ ਦੱਸਿਆ। ਅੱਜ ਹੋਈ ਪ੍ਰੈੱਸਕਾਨਫਰੰਸ ਵਿੱਚ ਰਿਸਾਨਾਂ ਨੇ ਦੱਸਿਆ ਕਿ ਉਹ ਬੁਰਾੜੀ ਗ੍ਰਾਉਂਡ ਨਹੀਂ ਜਾਣਗੇ ਅਤੇ ਬਾਰਡਰਾਂ ‘ਤੇ ਹੀ ਆਪਣਾ ਧਰਨਾ ਜਾਰੀ ਰੱਖਣਗੇ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੋਦੀ ਸਰਕਾਰ ਦੇ ਸਾਹਮਣੇ 8 ਮੰਗਾਂ ਰੱਖੀਆਂ ਹਨ। ਜਿਸ ਵਿੱਚ ਸਰਕਾਰ 3 ਕਾਨੂੰਨ ਅਤੇ 2 ਆਰਡੀਨੈਂਸ ਵਾਪਸ ਲਵੇ, ਇਸ ਤੋਂ ਘੱਟ ਕੁੱਝ ਵੀ ਨਹੀਂ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗੱਲਬਾਤ ਲਈ ਸ਼ਰਤ ਰੱਖਣਾ ਕਿਸਾਨਾਂ ਦਾ ਅਪਮਾਨ ਹੈ ਅਤੇ ਉਹ ਸ਼ਰਤਾਂ ‘ਤੇ ਮੀਟਿੰਗ ਨਹੀਂ ਕਰਨਗੇ।
ਦੱਸਣਯੋਗ ਹੈ ਕਿ ਕਿਸਾਨ ਸਿੰਘੁ ਬਾਰਡਰ, ਬਹਾਦੁਰਗੜ੍ਹ ਬਾਰਡਰ, ਜੈਪੁਰ ਦਿੱਲੀ ਹਾਈਵੇ, ਮਥੁਰਾ ਆਗਰਾ ਹਾਈਵੇ, ਬਰੇਲੀ ਦਿੱਲੀ ਹਾਈਵੇ ਨੂੰ ਬੰਦ ਕਰਨਗੇ। ਕਿਸਾਨਾਂ ਨੇ ਆਪਣੀ ਵਾਲੰਟੀਅਰ ਕਮੇਟੀ ਗਠਿਤ ਕੀਤੀ ਹੈ, ਜਿਸ ਵਿੱਚ 30 ਕਿਸਾਨ ਜਥੇਬੰਦੀਆਂ ਵਿੱਚੋਂ ਹਰ ਜਥੇਬੰਦੀ ਵੱਲੋਂ 20 ਮੈਂਬਰ ਸ਼ਾਮਲ ਹੋਣਗੇ, ਜਿਸ ਮੁਤਾਬਕ ਇਸ ਕਮੇਟੀ ਵਿੱਚ 600 ਮੈਂਬਰ ਹੋਣਗੇ। ਕਿਸਾਨ ਜਥਏਬੰਦੀਆਂ ਹਰ ਰੋਜ਼ 4:30 ਵਜੇ ਪ੍ਰੈਸ ਕਾਨਫਰੰਸ ਕਰਨਗੀਆਂ, ਜਿਸ ਵਿੱਚ ਇੱਕ ਆਫੀਸ਼ੀਅਲ ਬਿਆਨ ਜਾਰੀ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਪਣੇ ਆਧਾਰ ‘ਤੇ ਬਿਆਨ ਜਾਰੀ ਕਰਦਾ ਹੈ ਤਾਂ ਇਹ ਜ਼ਿੰਮੇਵਾਰੀ ਉਸ ਦੀ ਹੀ ਹੋਵੇਗੀ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਗੁਰਪੁਰਬ ਕੁੰਡਲੀ ਬਾਰਡਰ ‘ਤੇ ਹੀ ਮਨਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਮੀਡੀਆ ਨੂੰ ਵੀ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੀ ਸ਼ਰਤ ਹੀ ਕਿ ਇਸ ਵਿੱਚ ਅਸਲੀਅਤ ਦਿਖਾਈ ਜਾਵੇ। ਜੇਕਰ ਮੀਡੀਆ ਕਿਸਾਨ ਅੰਦੋਲਨ ਨੂੰ ਗਲਤ ਨਜ਼ਰੀਏ ਨਾਲ ਪੇਸ਼ ਕਰਦਾ ਹੈ ਤਾਂ ਉਨ੍ਹਾਂ ਨੂੰ ਕਵਰੇਜ ਨਹੀਂ ਕਰ ਦਿੱਤੀ ਜਾਵੇਗੀ। ਕਿਸਾਨਾਂ ਨੇ ਬੁਰਾੜੀ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ।