ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ਵਿਖੇ ਮੁਲਾਕਾਤ ਲਈ ਪਹੁੰਚੇ ਹੋਏ ਹਨ। ਇਸ ਦੌਰਾਨ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸੀ.ਐੱਮ. ਚੰਨੀ ਦੀ ਰਿਹਾਇਸ਼ ਵਿੱਚ ਮੌਜੂਦ ਹਨ। ਇਸ ਦੌਰਾਨ ਮੀਡੀਆ ਨੂੰ ਵੀ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ।
ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਜੀ ਮੋਰਿੰਡਾ ਦੇ ਸਤਿਸੰਗ ਘਰ ਵਿੱਚ ਗਏ ਅਤੇ ਉਥੇ ਸੰਗਤਾਂ ਨੂੰ ਦਰਸ਼ਨ ਦਿੱਤੇ। ਇਸ ਤੋਂ ਬਾਅਦ ਉਹ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਵਿਖੇ ਪਹੁੰਚੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਵੇਲੇ ਬਾਬਾ ਜੀ ਮੁੱਖ ਮੰਤਰੀ ਦੇ ਘਰ ਦੇ ਅੰਦਰ ਹਨ। ਕਈ ਸਤਿਸੰਗੀ ਵੀ ਬਾਬਾ ਗੁਰਿੰਦਰ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਮੁੱਖ ਮੰਤਰੀ ਦੀ ਘਰ ਦੇ ਬਾਹਰ ਖੜ੍ਹੇ ਹੋਏ ਹਨ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਬਿਆਸ ਪਹੁੰਚੇ ਸਨ। ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਸੀ। ਲਗਭਗ ਇੱਕ ਘੰਟੇ ਤੱਕ ਮੁੱਖ ਮੰਤਰੀ ਇਥੇ ਰੁਕੇ ਤੇ ਬਿਆਸ ਮੁਖੀ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਤਿੰਨ ਮਹੀਨਿਆਂ ਵਿੱਚ ਤੀਜੀ ਵਾਰ ਸੀ.ਐੱਮ. ਚੰਨੀ ਡੇਰਾ ਬਿਆਸ ਵਿਖੇ ਪਹੁੰਚੇ ਸਨ। ਸੀ.ਐੱਮ. ਚੰਨੀ ਦੇ ਪਹੁੰਚਣ ਤੋਂ ਪਹਿਲਾਂ ਹੀ ਪੰਚਾਇਤ ਘਰ ਬਿਆਸ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਪਟਨ ਸੰਦੀਪ ਸੰਧੂ, ਸੁਰਿੰਦਰ ਤਲਵਾਰ ਤੇ ਹੋਰ ਲੋਕ ਪਹੁੰਚ ਚੁੱਕੇ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਸਮਾਂ ਨੇੜੇ ਹੈ। ਇਸ ਦੌਰਾਨ ਬਾਬਾ ਗੁਰਿੰਦਰ ਸਿੰਘ ਜੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ।
ਇਹ ਵੀ ਪੜ੍ਹੋ : DGP ਕਰਨਗੇ ਕਪੂਰਥਲਾ ਕਾਂਡ ਦੀ ਜਾਂਚ, ‘ਪੁਲਿਸ ਸਾਹਮਣੇ ਕਿੱਦਾਂ ਨੌਜਵਾਨ ਮਾਰ ‘ਤਾ ਕਾਰਵਾਈ ਹੋਊ’- ਰੰਧਾਵਾ
ਹਾਲਾਂਕਿ ਡੇਰਾ ਬਿਆਸ ਦਾ ਕੋਈ ਵੀ ਸਿਆਸੀ ਵਿੰਗ ਨਹੀਂ ਹੈ ਅਤੇ ਨਾ ਉਥੋਂ ਕਿਸੇ ਤਰ੍ਹਾਂ ਦੇ ਸਿਆਸੀ ਪ੍ਰਚਾਰ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਪਰ ਅਚਾਨਕ ਬਾਬਾ ਗੁਰਿੰਦਰ ਸਿੰਘ ਜੀ ਦੀ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਦੇ ਵੱਡੇ ਮਾਇਨੇ ਨਿਕਲ ਰਹੇ ਹਨ।