ਟਾਂਡਾ ਉੜਮੁੜ : ਪਿਛਲੇ ਦਿਨੀਂ ਜਲੰਧਰ ਪਠਾਨਕੋਟ ਕੌਮੀ ਮਾਰਗ ‘ਤੇ ਅੱਡਾ ਪਚਾਰੰਗਾ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਸੰਦੀਪ, ਉਸ ਦੀ ਧੀ ਜੀਵਿਕਾ ਅਤੇ ਪੁੱਤਰ ਸਮਰ ਬੱਧਨ ਦਾ ਪਿੰਡਜੌੜਾ ਦੇ ਸ਼ਮਸ਼ਾਨਘਾਟ ਵਿੱਚ ਨਮ ਅੱਖਾਂ ਨਾਲ ਇੱਕੋ ਚਿਖਾ ‘ਤੇ ਦਾਦਾ ਵੱਲੋਂ ਪੋਤਾ-ਪੋਤੀ ਤੇ ਪੁੱਤਰ ਸੰਦੀਪ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਸੰਸਕਾਰ ਮੌਕੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਜਿਸ ਦੀਆਂ ਦੋਵਾਂ ਲੱਤਾਂ ਵਿੱਚ ਰਾਡ ਪਈ ਹੈ, ਨੂੰ ਸਪੈਸ਼ਲ਼ ਛੁੱਟੀ ਦਿਵਾ ਕੇ ਐਂਬੂਲੈਂਸ ਵਿੱਚ ਲਿਆਏ ਸਨ ਅਤੇ ਸੰਸਕਾਰ ਤੋਂ ਬਾਅਦ ਹਸਪਤਾਲ ਵਾਪਿਸ ਲੈ ਗਏ। ਮ੍ਰਿਤਕ ਬੱਚਿਆਂ ਦੀਆਂ ਭੂਆ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਸੋਗ ਭਰੇ ਮਾਹੌਲ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਆਗੂ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ, ‘ਆਪ’ ਆਗੂ ਹਰਮੀਤ ਸਿੰਘ ਔਲਖ, ਸੁਖਵਿੰਦਰ ਸਿੰਘ ਮੂਨਕ, ਨੌਜਵਾਨ ਆਗੂ ਸਰਬਜੀਤ ਸਿੰਘ ਮੋਮੀ, ਬਸਪਾ ਆਗੂ ਸੁਰਜੀਤ ਪਾਲ, ਜਗਤਾਰ ਸਿੰਘ ਦਾਰਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਿਥੀਪਾਲ ਸਿੰਘ ਦਾਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਅਤੇ ਇਲਾਕੇ ਦੇ ਪ੍ਰਮੁੱਖ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ।
ਹਰ ਪਾਸੇ ਸੋਗ ਦੀ ਲਹਿਰ ਛਾਈ ਹੋਈ ਸੀ। ਪਿੰਡ ਵਾਸੀਆਂ ਦੀ ਤਰਫੋਂ ਪੈਸੇ ਇਕੱਠੇ ਕਰਕੇ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਪੈਂਦੇ ਅੱਡਾ ਪਚਾਰੰਗਾ ਨੇੜੇ ਐਕਟਿਵਾ ਅਤੇ ਐਂਡੇਵਰ ਕਾਰ ਦਰਮਿਆਨ ਦਰਦਨਾਕ ਸੜਕ ਹਾਦਸੇ ‘ਚ ਸੰਦੀਪ (35), ਉਸ ਦੀ ਧੀ ਜੀਵਿਕਾ (5) ਅਤੇ ਪੁੱਤਰ ਸਮਰ ਬਦਨ ਉਮਰ ਲਗਭਗ ਡੇਢ ਸਾਲ ਦੀ ਮੌਤ ਹੋ ਗਈ ਸੀ, ਜਦਕਿ ਪਤਨੀ ਜਸਵੀਰ ਕੌਰ (30) ਅਤੇ ਵੱਡਾ ਬੇਟਾ ਗੈਰੀ ਬਦਨ (6) ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਉਨ੍ਹਾਂ ਦਾ ਜਲੰਧਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਮੰਨਾ ਕਤਲ ਮਾਮਲਾ : ਪੰਜ ਸਾਲਾਂ ਬਾਅਦ ਮਿਲਿਆ ਇਨਸਾਫ, 7 ਦੋਸ਼ੀਆਂ ਨੂੰ ਹੋਈ ਉਮਰ ਕੈਦ
ਮ੍ਰਿਤਕ ਸੰਦੀਪ ਦਾ ਪਿਤਾ ਅਪਾਹਜ ਹੈ ਅਤੇ ਸੰਦੀਪ ਹੀ ਪੂਰੇ ਪਰਿਵਾਰ ਦੀ ਦੇਖਭਾਲ ਦਾ ਇਕੋ-ਇਕ ਜ਼ਰੀਆ ਸੀ। ਸੰਦੀਪ ਦੀ ਮੌਤ ਤੋਂ ਬਾਅਦ ਅਪਾਹਜ ਪਿਤਾ, ਉਸਦੀ ਪਤਨੀ ਅਤੇ 6 ਸਾਲਾ ਪੁੱਤਰ ਪਿੱਛੇ ਰਹਿ ਗਏ ਹਨ ਅਤੇ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ।