ਹਿਮਾਚਲ ਪ੍ਰਦੇਸ਼ ‘ਚ ਫਿਰ ਤੋਂ ਭਾਰੀ ਮੀਂਹ ਦਾ ਆਰੇਂਜ ਅਲਰਟ ਦਿੱਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 4 ਅਤੇ 5 ਅਗਸਤ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਦੋਂਕਿ ਅੱਜ ਅਤੇ ਕੱਲ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ ਪਾਣੀ ਨਾਲ ਭਰੇ ਹੋਏ ਦਰਿਆਵਾਂ-ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਤਾਜ਼ਾ ਅਲਰਟ ਨੇ ਉਨ੍ਹਾਂ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਜਿਨ੍ਹਾਂ ਦੇ ਘਰ ਜੁਲਾਈ ਮਹੀਨੇ ਦੀ ਬਾਰਿਸ਼ ਕਾਰਨ ਖ਼ਤਰੇ ਵਿੱਚ ਆ ਗਏ ਹਨ।
ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਸੂਬੇ ਵਿੱਚ 7300 ਤੋਂ ਵੱਧ ਘਰ ਨੁਕਸਾਨੇ ਗਏ ਹਨ। ਕਈ ਘਰਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ। ਕੁਝ ਘਰਾਂ ਦੇ ਅੱਗੇ ਅਤੇ ਪਿਛਲੇ ਪਾਸੇ ਦੇ ਬੰਨ੍ਹ ਟੁੱਟ ਗਏ ਹਨ। ਇਸ ਕਾਰਨ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਚਿਤਾਵਨੀ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ।
ਸੂਬੇ ਵਿੱਚ ਜੁਲਾਈ ਮਹੀਨੇ ਦੇ ਮੀਂਹ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 1 ਤੋਂ 31 ਜੁਲਾਈ ਤੱਕ 255.9 ਮਿਲੀਮੀਟਰ ਮੀਂਹ ਪਿਆ ਹੈ ਪਰ ਇਸ ਵਾਰ 437.5 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਨਾਲੋਂ 71 ਫ਼ੀਸਦੀ ਵੱਧ ਹੈ। ਸਾਲ 2010 ਤੋਂ ਬਾਅਦ ਸੂਬੇ ਵਿੱਚ ਇੰਨੀ ਬਾਰਿਸ਼ ਕਦੇ ਨਹੀਂ ਹੋਈ। ਹਾਲਾਂਕਿ 1901 ਤੋਂ ਹੁਣ ਤੱਕ ਯਾਨੀ 123 ਸਾਲਾਂ ਵਿੱਚ ਇਹ ਸੱਤਵੀਂ ਰਿਕਾਰਡ ਬਾਰਿਸ਼ ਹੈ।
ਸੂਬੇ ‘ਚ ਮੀਂਹ ਕਾਰਨ ਹੁਣ ਤੱਕ 190 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ‘ਚੋਂ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 54 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 219 ਲੋਕ ਜ਼ਖਮੀ ਹਨ ਅਤੇ 34 ਲਾਪਤਾ ਹਨ।
ਇਹ ਵੀ ਪੜ੍ਹੋ : ਵਿਆਹ ਲਈ ਆਨਲਾਈਨ ਲੱਭੀ ਕੁੜੀ! ਪਹਿਲੀ ਕਾਲ ‘ਚ ਕੀਤਾ ਸ਼ਰਮਨਾਕ ਕਾਰਾ ਤੇ ਲੁੱਟ ਲੈ ਗਈ ਕਰੋੜਾਂ ਰੁਪਏ
ਸੂਬੇ ‘ਚ ਹੁਣ ਤੱਕ 706 ਘਰ ਤਬਾਹ ਹੋ ਚੁੱਕੇ ਹਨ, ਜਦਕਿ 7192 ਘਰ ਨੁਕਸਾਨੇ ਗਏ ਹਨ। 244 ਦੁਕਾਨਾਂ, 2236 ਗਊਸ਼ਾਲਾਵਾਂ ਤਬਾਹ ਹੋ ਚੁੱਕੀਆਂ ਹਨ। ਸੈਂਕੜੇ ਲੋਕ ਬੇਘਰ ਹੋ ਗਏ ਹਨ। ਸੂਬੇ ਵਿੱਚ ਹੁਣ ਤੱਕ ਜ਼ਮੀਨ ਖਿਸਕਣ ਦੀਆਂ 76 ਵੱਡੀਆਂ ਘਟਨਾਵਾਂ ਅਤੇ ਅਚਾਨਕ ਹੜ੍ਹਾਂ ਦੀਆਂ 53 ਘਟਨਾਵਾਂ ਵਾਪਰ ਚੁੱਕੀਆਂ ਹਨ।
ਸੂਬੇ ਵਿੱਚ 5700 ਕਰੋੜ ਰੁਪਏ ਦੀ ਸਰਕਾਰੀ ਤੇ ਨਿੱਜੀ ਜਾਇਦਾਦ ਤਬਾਹ ਹੋ ਚੁੱਕੀ ਹੈ। ਇਕੱਲੇ ਲੋਕ ਨਿਰਮਾਣ ਵਿਭਾਗ ਦੇ 1975 ਕਰੋੜ ਰੁਪਏ, ਜਲ ਸ਼ਕਤੀ ਵਿਭਾਗ ਦੇ 1549 ਕਰੋੜ ਰੁਪਏ, ਬਿਜਲੀ ਬੋਰਡ ਦੀ 1509 ਕਰੋੜ ਦੀ ਜਾਇਦਾਦ ਬਰਬਾਦ ਹੋ ਚੁੱਕੀ ਹੈ।
ਭਾਰੀ ਮੀਂਹ ਕਾਰਨ ਹੋਈ ਤਬਾਹੀ ਕਾਰਨ 363 ਸੜਕਾਂ 21 ਦਿਨਾਂ ਤੋਂ ਬੰਦ ਹਨ। ਇਸ ਕਾਰਨ ਸੂਬੇ ਦੇ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੇਬਾਂ ਦੀ ਢੋਆ-ਢੁਆਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ। ਪੇਂਡੂ ਖੇਤਰ ਦੀਆਂ ਲਿੰਕ ਸੜਕਾਂ ਸਮੇਤ ਬੰਦ ਪਈਆਂ ਸੜਕਾਂ ਦੀ ਗਿਣਤੀ ਸੈਂਕੜੇ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: