ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗੁਪਤ ਦਸਤਾਵੇਜ਼ਾਂ ਨਾਲ ਜੁੜੇ ਮਾਮਲੇ ਵਿਚ ਟਰੰਪ ਖਿਲਾਫ ਮੁਕੱਦਮਾ ਚੱਲੇਗਾ। ਟਰੰਪ ‘ਤੇ ਦੋਸ਼ ਹੈ ਕਿ ਵ੍ਹਾਈਟ ਹਾਊਸ ਛੱਡਣ ਦੇ ਬਾਅਦ ਵੀ ਟਰੰਪ ਨੇ ਸੈਂਕੜੇ ਗੁਪਤ ਦਸਤਾਵੇਜ਼ਾਂ ਨੂੰ ਆਪਣੇ ਕੋਲ ਰੱਖਿਆ। ਨਾਲ ਹੀ ਗਲਤ ਬਿਆਨਬਾਜ਼ੀ ਵੀ ਕੀਤੀ। ਜਾਂਚ ਏਜੰਸੀਆਂ ਨੇ ਟਰੰਪ ਖਿਲਾਫ 7 ਅਪਰਾਧਿਕ ਮਾਮਲੇ ਦਰਜ ਕੀਤੇ ਹਨ।
ਡੋਨਾਲਡ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਆਮੀ ਸੰਘੀ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਮਿਲਿਆ ਹੈ। ਟਰੰਪ ਦੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ, ਨੈਸ਼ਨਲ ਆਰਕਾਈਵਜ਼ ਨੇ ਮੰਗ ਕੀਤੀ ਕਿ ਉਹ ਅਤੇ ਉਨ੍ਹਾਂ ਦੀ ਟੀਮ ਰਾਸ਼ਟਰਪਤੀ ਦੇ ਰਿਕਾਰਡ ਨਾਲ ਸਬੰਧਤ ਦਸਤਾਵੇਜ਼ ਵਾਪਸ ਕਰੇ। ਹਾਲਾਂਕਿ ਕਈ ਮਹੀਨੇ ਬਾਅਦ ਲਗਭਗ 200 ਗੁਪਤ ਦਸਾਤੇਵਜ਼ ਵਾਪਸ ਕੀਤੇ ਗਏ। FBI ਨੇ ਅਗਸਤ 2022 ਵਿਚ ਟਰੰਪ ਦੇ ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਇਆ ਸੀ ਜਿਸ ਵਿਚ ਐੱਫਬੀਆਈ ਨੂੰ 100 ਤੋਂ ਜ਼ਿਆਦਾ ਗੁਪਤ ਦਸਤਾਵੇਜ਼ ਬਰਾਮਦ ਹੋਏ ਸਨ। ਟਰੰਪ ਖਿਲਾਫ ਜੋ ਦੋਸ਼ ਲੱਗੇ ਹਨ, ਉਨ੍ਹਾਂ ਵਿਚੋਂ ਇਕ ਸਾਜਿਸ਼ ਰਚਣ ਦਾ ਦੋਸ਼ ਵੀ ਸ਼ਾਮਲ ਹੈ।
ਉਨ੍ਹਾਂ ਖਿਲਾਫ ਨਵੇਂ ਮਾਮਲੇ ਦਰਜ ਹੋਣ ਦੇ ਬਾਅਦ ਟਰੰਪ ਨੇ ਇਸ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ। ਸੋਸ਼ਲ ਮੀਡੀਆ ‘ਤੇ ਕੀਤੇ ਪੋਸਟ ਵਿਚ ਟਰੰਪ ਨੇ ਲਿਖਿਆ ਕਿ ‘ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨਾਲ ਕਦੇ ਅਜਿਹੀਆਂ ਚੀਜ਼ਾਂ ਵੀ ਹੋਣਗੀਆਂ। ਜਿਸ ਵਿਅਕਤੀ ਨੂੰ ਹੁਣ ਤੱਕ ਦੇ ਸਾਰੇ ਰਾਸ਼ਟਰਪਤੀਆਂ ਦੇ ਮੁਕਾਬਲੇ ਸਭ ਤੋਂ ਵੱਧ ਵੋਟ ਮਿਲੇ ਤੇ ਅਜੇ ਵੀ ਮੌਜੂਦਾ ਰਾਸ਼ਟਰਪਤੀ ਦੇ ਮੁਕਾਬਲੇ ਜ਼ਿਆਦਾ ਲੋਕਪ੍ਰਿਯ ਹੈ ਉਸ ਨਾਲ ਅਜਿਹਾ ਹੋ ਰਿਹਾ ਹੈ। ਮੈਂ ਬੇਗੁਨਾਹ ਹਾਂ।
ਇਹ ਵੀ ਪੜ੍ਹੋ : 15 ਦਿਨਾਂ ‘ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫੀਸਦੀ ਨੋਟ: RBI ਗਵਰਨਰ
ਟਰੰਪ ਨੇ ਕਿਹਾ ਕਿ ਇਹ ਅਮਰੀਕਾ ਦੇ ਇਤਿਹਾਸ ਦਾ ਕਾਲਾ ਦਿਨ ਹੈ। ਇਕ ਦੇਸ਼ ਵਜੋਂ ਸਾਡਾ ਤੇਜ਼ੀ ਨਾਲ ਪਤਨ ਹੋ ਰਿਹਾ ਹੈ ਪਰ ਨਾਲ ਮਿਲ ਕੇ ਅਸੀਂ ਫਿਰ ਤੋਂ ਅਮਰੀਕਾ ਨੂੰ ਮਹਾਨ ਬਣਾਵਾਂਗੇ। ਡੋਨਾਲਡ ਟਰੰਪ 2024 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਵੀ ਦਾਅਵੇਦਾਰ ਹੈ। ਹਾਲਾਂਕਿ ਬੀਤੇ ਦਿਨੀਂ ਉਨ੍ਹਾਂ ਨੂੰ ਜਿਣਸੀ ਸ਼ੋਸ਼ਣ ਦੇ ਇਕ ਮਾਮਲੇ ਵਿਚ ਜੁਰਮਾਨਾ ਲਗਾਇਆ ਗਿਆ ਸੀ। ਹੁਣ ਗੁਪਤ ਦਸਤਾਵੇਜ਼ ਨਾਲ ਜੁੜੇ ਮਾਮਲੇ ਵਿਚ ਵੀ ਉਹ ਫਸਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: