ਸਰਦੂਲਗੜ੍ਹ: ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ’ਤੇ ਵਿਸਾਹ ਕਰ ਕੇ ਆਪਣੀਆਂ ਵੋਟਾਂ ਉਸ ਨੂੰ ਨਾ ਪਾਉਣ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਪੰਜ ਸਾਲ ਹੋਰ ਬਰਬਾਦ ਹੋ ਜਾਣਗੇ ਜਿਵੇਂ ਕਿ ਕਾਂਗਰਸ ਪਾਰਟੀ ਨੇ ਕੀਤੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੀ ਕਸਵੱਟੀ ’ਤੇ ਪਰਖੇ ਲੋਕ ਪੱਖੀ ਤੇ ਗਰੀਬ ਪੱਖੀ ਨੀਤੀਆਂ ਵਾਲੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ’ਤੇ ਵਿਸ਼ਵਾਸ ਕਰਨ।
ਬਠਿੰਡਾ ਦੇ ਐਮ ਪੀ, ਜੋ ਇਥੇ ਪਾਰਟੀ ਦੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਦੇ ਹੱਕ ਵਿਚ ਜਨਤਕ ਇਕੱਠ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 2017 ਵਿਚ ਤੁਹਾਡੇ ਕੋਲ ਤੁਹਾਡੀਆਂ ਵੋਟਾਂ ਮੰਗਣ ਆਏ ਸਨ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਪ੍ਰਮੁੱਖ ਵਿਰੋਧੀ ਧਿਰ ਬਣਾ ਦਿੱਤਾ ਪਰ ਕੇਜਰੀਵਾਲ ਤੁਹਾਨੂੰ ਭੁੱਲ ਗਿਆ ਤੇ ਕਦੇ ਵੀ ਪੰਜਾਬ ਨਹੀਂ ਆਇਆ ਤੇ ਕੋਰੋਨਾ ਕਾਲ ਵਿਚ ਵੀ ਲੋਕਾਂ ਦੀ ਕੋਈ ਬਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਹੁਣ ਕੇਜਰੀਵਾਲ ਦੁਬਾਰਾ ਤੁਹਾਡੇ ਕੋਲ ਆਪਣੀਆਂ ਝੂਠੀਆਂ ਗਰੰਟੀਆਂ ਲੈ ਕੇ ਆ ਗਿਆ ਹੈ। ਉਸ ’ਤੇ ਵਿਸਾਹ ਨਹੀਂ ਕੀਤਾ ਜਾ ਸਕਦਾ ਤੇ ਉਹ ਉਸੇ ਤਰੀਕੇ ਤੁਹਾਡੇ ਨਾਲ ਧੋਖਾ ਕਰੇਗਾ ਜਿਵੇਂ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।
ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਤੋਂ ਇਕ ਮੌਕਾ ਮੰਗ ਰਿਹਾ ਹੈ। ਕੀ ਉਹ ਤੁਹਾਡੇ ਤੋਂ ਸੂਬੇ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦਾ ਹੱਕ ਮੰਗ ਰਿਹਾ ਹੈ ਜਿਵੇਂ ਕਿ ਉਸਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਹੈ ? ਕੀ ਉਹ ਇਕ ਮੌਕਾ ਪੰਜਾਬ ਦੇ ਥਰਮਲ ਪਲਾਂਟ ਬੰਦ ਕਰ ਕੇ ਸੂਬੇ ਵਿਚ ਹਨੇਰੇ ਵਿਚ ਧੱਕਣ ਲਈ ਮੰਗ ਰਿਹਾ ਹੈ ਜਿਵੇਂ ਕਿ ਉਸਨੇ ਸੁਪਰੀਮ ਕੋਰਟ ਵਿਚ ਮੰਗ ਕੀਤੀ ਹੈ ? ਉਨ੍ਹਾਂ ਕਿਹਾ ਕਿ ਇਕ ਮੌਕਾ ਮੰਗਣ ਦਾ ਵੇਲਾ ਲੰਘ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ 2017 ਵਿਚ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦਿੱਤਾ ਸੀ ਪਰ ਲੋਕਾਂ ਲਈ ਡਟਣ ਅਤੇ ਲੜਨ ਦੀ ਥਾਂ ’ਤੇ ਇਸਦੇ 20 ਵਿਚੋਂ 11 ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਜੋ ਆਪਣੇ ਵਿਧਾਇਕਾਂ ਦੇ ਪਾਰਟੀ ਵਿਚ ਬਣੇ ਰਹਿਣ ਦੀ ਕੋਈ ਗਾਰੰਟੀ ਨਹੀਂ ਦੇ ਸਕਦਾ, ਨੂੰ ਝੂਠੀਆਂ ਗਰੰਟੀਆਂ ਦੇ ਕੇ ਤੁਹਾਡੀਆਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ।
ਬਠਿੰਡਾ ਦੇ ਐਮ ਪੀ ਨੇ ਇਹ ਵੀ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਭਗਵੰਤ ਮਾਨ ਇਕ ਡੰਮੀ ਉਮੀਦਵਾਰ ਹੈ ਤੇ ਆਮ ਆਦਮੀ ਪਾਰਟੀ ਕਦੇ ਵੀ ਉਸ ਨੂੰ ਮੁੱਖ ਮੰਤਰੀ ਨਹੀਂ ਬਣਾਏਗੀ। ਉਨ੍ਹਾਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਹੈ ਜੋ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਸੂਬੇ ਨੂੰ ਲੁੱਟਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਹੁਣ ਤੁਸੀਂ ਕਰਨੀ ਹੈ ਕਿ ਤੁਸੀਂ ਇਕ ਬਾਹਰਲੇ ਬੰਦੇ ਦੀ ਅਗਵਾਈ ਚਾਹੁੰਦੇ ਹੋ ਜਾਂ ਅਕਾਲੀ ਦਲ ’ਤੇ ਵਿਸ਼ਵਾਸ ਕਰਦੇ ਹੋ ਜਿਸਨੇ ਹਮੇਸ਼ਾ ਖੇਤਰੀ ਇੱਛਾਵਾਂ ਦੀ ਰਾਖੀ ਕੀਤੀ।
ਸਰਦਾਰਨੀ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਦਿੱਲੀ ਮਾਡਲ ਕੇਜਰੀਵਾਲ ਇਥੇ ਵੇਚ ਰਿਹਾ ਹੈ, ਉਸ ਵਿਚ ਕਿਸਾਨਾਂ ਲਈ ਮੁਫਤ ਬਿਜਲੀ ਦੀ ਕੋਈ ਥਾਂ ਨਹੀਂ ਹੈ ਕਿਉਂਕਿ ਦਿੱਲੀ ਵਿਚ ਕਿਸਾਨਾਂ ਲਈ ਬਿਜਲੀ ਮੁਫਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਮਾਡਲ ਤਹਿਤ ਲੋਕਾਂ ਲਈ ਆਟਾ ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਵਰਗੀਆਂ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਭਲਾਈ ਸਕੀਮਾਂ ਦੀ ਕੋਈ ਥਾਂ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਬਠਿੰਡਾ ਦੇ ਐਮ ਪੀ ਨੇ ਕਾਂਗਰਸ ਪਾਰਟੀ ਵੱਲੋਂ ਪਿਛਲੇ ਪੰਜ ਸਾਲਾਂ ਵਿਚ ਪੰਜਾਬੀਆਂ ਲਈ ਕੁਝ ਨਾ ਕਰਨ ਨੁੰ ਵੀ ਬੇਨਕਾਬ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਦੋਂ ਸੱਤਾ ਵਿਚ ਆਈ ਤਾਂ ਇਹ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਭੱਜ ਗਈ ਭਾਵੇਂ ਇਹ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਹੈ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ, ਬੁਢਾਪਾ ਪੈਨਸ਼ਨ ਵਧਾ ਕੇ 2500 ਰੁਪਏ ਕਰਨਾ ਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51000 ਰੁਪਏ ਕਰਨਾ ਸ਼ਾਮਲ ਸੀ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਗਰੀਬ ਮੁੱਖ ਮੰਤਰੀ ਹੋਣ ਦਾ ਢੋਂਗ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਦਾਅਵਾ ਵੀ ਉਦੋਂ ਬੇਨਕਾਬ ਹੋ ਗਿਆ ਜਦੋਂ ਚੰਨੀ ਦੇ ਭਾਣਜੇ ਹਨੀ ਦੇ ਘਰੋਂ 11 ਕਰੋੜ ਰੁਪਏ ਨਗਦ, ਭਾਰੀ ਮਾਤਰਾ ਵਿਚ ਸੋਨਾ ਅਤੇ 56 ਕਰੋੜ ਰੁਪਏ ਤੋਂ ਵੱਧ ਦੀ ਬੇਨਾਮੀ ਜਾਇਦਾਦ ਦੇ ਕਾਗਜ਼ ਫੜੇ ਗਏ।
ਲੋਕਾਂ ਨੂੰ ਅਕਾਲੀ ਦਲ ਬਸਪਾ ਗਠਜੋੜ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਗਠਜੋੜ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦੇਵੇਗੀ, ਹਰ ਘਰ ਲਈ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਹੋਵੇਗੀ, ਸਟੂਡੈਂਟ ਕਾਰਡ ਤਹਿਤ ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਮਿਲਣਗੇ, ਹਰੇਕ ਲਈ 10 ਲੱਖ ਰੁਪਏ ਦਾ ਮੈਡੀਕਲਾ ਬੀਮਾ ਹੋਵੇਗਾ, ਇਕ ਲੱਖ ਸਰਕਾਰੀ ਨੌਕਰੀਆਂ ਤੇ 10 ਲੱਖ ਪ੍ਰਾਈਵੇਟ ਖੇਤਰ ਵਿਚ ਨੌਕਰੀਆਂ ਦੀ ਸਿਰਜਣਾ ਹੋਵੇਗੀ, ਬੇਘਰੇ ਲੋਕਾਂ ਨੁੰ ਪੰਜ ਲੱਖ ਘਰ ਬਣਾ ਕੇ ਦਿੱਤੇ ਜਾਣਗੇ ਅਤੇ ਗਰੀਬਾਂ ਨੂੰ ਹਰ ਹਲਕੇ ਵਿਚ ਪੰਜ ਪੰਜ ਹਜ਼ਾਰ ਪੰਜ ਪੰਜ ਮਰਲੇ ਦੇ ਪਲਾਟ ਮੁਫਤ ਦਿੱਤੇ ਜਾਣਗੇ।