DSGPC will provide life insurance : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਵਿਡ-19 ਸੰਕਟ ਦੌਰਾਨ ਆਪਣੇ ਵੱਖ-ਵੱਖ ਗੁਰੂਘਰਾਂ ਵਿਚ ਸੇਵਾ ਨਿਭਾ ਰਹੇ 2500 ਮੁਲਾਜ਼ਮਾਂ ਦਾ ਜੀਵਨ ਬੀਮਾ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 2500 ਮੁਲਾਜ਼ਮ ਜਿਨ੍ਹਾਂ ਵਿਚ ਸੇਵਾਦਾਰ, ਰਾਗੀ, ਸੁਰੱਖਿਆ ਅਮਲੇ ਦੇ ਮੈਂਬਰ ਇਸ ਵੇਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਇਨ੍ਹਾਂ ਸਾਰਿਆਂ ਦਾ 2 ਲੱਖ ਰੁਪਏ ਹਰੇਕ ਦਾ ਜੀਵਨ ਬੀਮਾ ਕਰਵਾਇਆ ਜਾਏਗਾ ਤੇ ਇਸ ਬੀਮੇ ਅਧੀਨ ਕੋਰੋਨਾ ਜਾਂ ਹੋਰ ਭਿਆਨਕ ਬੀਮਾਰੀ ਜਾਂ ਫਿਰ ਕਿਸੇ ਹਾਦਸੇ ਵਿਚ ਮੌਤ ਹੋਣ ਦੀ ਸੂਰਤ ਵਿਚ ਬੀਮਾ ਰਾਸ਼ੀ ਪਰਿਵਾਰ ਨੂੰ ਮਿਲ ਸਕੇਗੀ। ਇਨ੍ਹਾਂ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਪਿਛਲੇ ਤਕਰੀਬਨ ਦੋ ਮਹੀਨਿਆਂ ਦੌਰਾਨ ਸੰਕਟ ਦੇ ਸਮੇਂ ਮਨੁੱਖਤਾ ਦੀ ਵਿਲੱਖਣ ਸੇਵਾ ਕੀਤੀ ਹੈ।
ਸਿਰਸਾ ਨੇ ਅੱਗੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਮਝਦੀ ਹੈ ਕਿ ਇਨ੍ਹਾਂ ਮਲਾਜ਼ਮਾਂ ਦਾ ਜੀਵਨ ਬੀਮਾ ਕਰਵਾਉਣਾ ਉਸ ਦੀ ਜ਼ਿੰਮੇਵਾਰੀ ਹੈ ਤੇ ਇਨ੍ਹਾਂ ਵੱਲੋਂ ਕੋਵਿਡ-19 ਸੰਕਟ ਵੇਲੇ ਦਿੱਤੀਆਂ ਸੇਵਾਵਾਂ ਲਈ ਇਨ੍ਹਾਂ ਦਾ ਧੰਨਵਾਦ ਕਰਨ ਵਾਸਤੇ ਇਹ ਸਭ ਬਿਹਤਰੀਨ ਤਰੀਕਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੁਲਾਜ਼ਮ ਦਿੱਲੀ ਗੁਰਦੁਆਰਾ ਕਮੇਟੀ ਦੀ ਰੀੜ੍ਹ ਦੀ ਹੱਡੀ ਹਨ ਤੇ ਇਹ ਬਹੁਤ ਲਾਜ਼ਮੀ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਜੀਵਨ ਬੀਮਾ ਕਰਵਾਇਆ ਜਾਵੇ ਤਾਂਜੋ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀਂ ਘਟਨਾ ਹੋਣ ’ਤੇ ਇਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲੱਖਾਂ ਲੋਕਾਂ ਲਈ ਲੰਗਰ ਬਣਾਉਣ ਤੇ ਉਨ੍ਹਾਂ ਤੱਕ ਪਹੁੰਚਾਉਣ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹਨ।
ਉਨ੍ਹਾਂ ਕਿਹਾ ਕਿ ਬਾਵੇਂ ਵੱਖ-ਵੱਖ ਸਰਕਾਰਾਂ ਨੇ ਫਰੰਟ ਵਾਰੀਅਰਜ਼ ਦੀ ਮਦਦ ਉਨ੍ਹਾਂ ਦੇ ਜੀਵਨ ਬੀਮੇ ਕਰਵਾ ਕੇ ਕੀਤੀ ਹੈ ਪਰ ਅਜਿਹੇ ਵਿਅਕਤੀ ਜੋ ਫਰੰਟ ਵਾਰੀਅਰਜ਼ ਹੀ ਹਨ ਤੇ ਲੋਕਾਂ ਨੂੰ ਲੰਗਰ ਛਕਾਉਣ ਦੇ ਨਾਲ-ਨਾਲ ਦਿੱਲੀ ਕਮੇਟੀ ਦੀਆਂ ਵੱਖ-ਵੱਖ ਸਰਾਵਾਂ ਵਿਚ ਠਹਿਰੇ ਮੈਡੀਕਲ ਸਟਾਫ ਨੂੰ ਵੀ ਜ਼ਰੂਰੀ ਸੇਵਾਵਾਂ ਦੇ ਰਹੇ ਹਨ, ਵਾਸਤੇ ਕੋਈ ਪਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਇਨ੍ਹਾਂ ਸਾਰੇ ਫਰੰਟ ਵਾਰੀਅਰਜ਼ ਲਈ ਜੀਵਨ ਬੀਮਾ ਕਰਵਾਏਗੀ।