ED raids Punjab MLA : ਕਪੂਰਥਲਾ ਜ਼ਿਲ੍ਹੇ ਅਧੀਨ ਪੈਂਦੇ ਭੁਲੱਥ ਤੋਂਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਵਿੱਚ ਸੈਕਟਰ-5 ਸਥਿਤ ਘਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ। ਇਹ ਰੇਡ ਸਵੇਰੇ ਲਗਭਗ 7.30 ਵਜੇ ਦੇ ਕਰੀਬ ਮਾਰੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ‘ਤੇ ਮਨੀ ਲਾਂਡ੍ਰਿੰਗ ਦੇ ਕੇਸ ਵਿੱਚ ਇਹ ਛਾਪਾ ਮਾਰਿਆ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਈਡੀ ਦਾ ਇਹ ਛਾਪਾ ਕਿਸਾਨੀ ਅੰਦੋਲਨ ਕਰਕੇ ਵੀ ਵਿਧਾਇਕ ਦੇ ਘਰ ‘ਤੇ ਮਾਰਿਆ ਗਿਆ ਹੈ ਕਿਉਂਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਹਿਮਾਇਤ ਕਰਦੇ ਰਹੇ ਹਨ ਅਤੇ ਨਵਰੀਤ ਸਿੰਘ ਕੇਸ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾ ਰਹੇ ਹਨ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਡਾਕੂਮੈਂਟਸ ਖੰਗਾਲ ਜਾ ਰਹੇ ਹਨ। ਉਨ੍ਹਾਂ ਦੇ ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ, ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਈਡੀ ਵੱਲੋਂ ਇਹ ਕਾਰਵਾਈ ਪੂਰਾ ਦਿਨ ਚੱਲ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਾਇਦਾਦਾਂ ਦੇ ਕਾਗਜ਼ਾਤਂ ਅਤੇ ਬੈਂਕਾਂ ਦੇ ਲੈਣ-ਦੇਣ ਨੂੰ ਖੰਗਾਲ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਅਤੇ ਜਾਅਲੀ ਪਾਸਪੋਰਟ ਰੈਕੇਟ ਦੇ ਕੇਸਾਂ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਸਬੰਧਤ ਪੰਜ ਜਾਇਦਾਦਾਂ ’ਤੇ ਛਾਪੇ ਮਾਰੇ ਹਨ। ਇਥੇ ਇਹ ਦੱਸਣਯੋਗ ਹੈ ਕਿ ਖਹਿਰਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਹਨ। ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਨੇ ਬਾਅਦ ਵਿਚ ਵਿਧਾਨ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਨੇ ਪੰਜਾਬ ਡੈਮੋਕਰੇਟਿਕ ਗੱਠਜੋੜ ਨਾਲ ਸਮਝੌਤਾ ਕੀਤਾ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ।