ਮੋਹਾਲੀ/ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ਲਈ ਚੰਗੀ ਖਬਰ ਹੈ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ 6635 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਕੁੱਲ 6635 ਅਸਾਮੀਆਂ ਵਿੱਚੋਂ 2157 ਅਸਾਮੀਆਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਰਿਜ਼ਰਵ ਰੱਖੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਈਟੀਟੀ ਟੈੱਟ ਪਾਸ ਉਮੀਦਵਾਰ 3 ਅਗਸਤ ਤੋਂ ਲੈ ਕੇ 18 ਅਗਸਤ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਜਨਰਲ ਵਰਗ ਲਈ ਅਪਲਾਈ ਕਰਨ ਲਈ ਉਮਰ 18 ਤੋਂ 37 ਸਾਲ ਰੱਖੀ ਗਈ ਹੈ ਅਤੇ ਬਾਕੀ ਰਿਜ਼ਰਵ ਅਤੇ ਹੋਰ ਕੈਟਾਗਰੀਆਂ ਨੂੰ ਨਿਯਮਾਂ ਅਨੁਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ।
ਇਨ੍ਹਾਂ ਅਸਾਮੀਆਂ ਲਈ ਈਟੀਟੀ ਕੋਰਸ ਦੇ ਨਾਲ ਅਧਿਆਪਕ ਯੋਗਤਾ ਪਰੀਖਿਆ-1 (ਟੈੱਟ-1) ਪਾਸ ਹੋਣਾ ਲਾਜ਼ਮੀ ਹੈ। ਇਨ੍ਹਾਂ ਅਸਾਮੀਆਂ ਲਈ 100 ਅੰਕਾਂ ਦੀ ਆਬਜੈਕਟਿਵ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਉੱਚ ਯੋਗਤਾ ਗ੍ਰੈਜੂਏਸ਼ਨ ਦੇ ਪਹਿਲੇ ਦਰਜੇ ਲਈ 5 ਅੰਕ, ਦੂਜੇ ਦਰਜੇ ਲਈ 3 ਅੰਕ ਅਤੇ ਤੀਜੇ ਦਰਜ਼ੇ ਲਈ 2 ਅੰਕ ਵਾਧੂ ਮਿਲਣਗੇ।
ਇਹ ਵੀ ਪੜ੍ਹੋ : ਬੀਬਾ ਬਾਦਲ ਨੇ ਭਾਵੁਕ ਹੁੰਦਿਆਂ ਯਾਦ ਕੀਤਾ ਬੇਬੇ ਮਾਨ ਕੌਰ ਨਾਲ ਮੁਲਾਕਾਤ ਦਾ ਪਲ, ਪ੍ਰਗਟਾਇਆ ਦੁੱਖ
ਦੱਸਣਯੋਗ ਹੈ ਕਿ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਲੰਮੇ ਸਮੇਂ ਤੋਂ ਨੌਕਰੀਆਂ ਲਈ ਸੰਘਰਸ਼ ਕਰ ਰਹੇ ਹਨ, ਜਿਸ ਦੇ ਚੱਲਦੇ ਕਈ ਵਾਰ ਧਰਨੇ, ਮੁਜ਼ਾਹਰੇ ਵੀ ਕੀਤੇ ਗਏ। ਇਸ ਦੌਰਾਨ ਅਧਿਆਪਕਾਂ ‘ਤੇ ਤਸ਼ੱਦਦ ਵੀ ਹੋਏ। ਪਰ ਆਪਣੇ ਹੱਕਾਂ ਲਈ ਲੜਨ ਲਈ ਮਜਬੂਰ ਬੇਰੋਜ਼ਗਾਰ ਅਧਿਆਪਕ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਅਤੇ ਪੰਜਾਬ ਸਰਕਾਰ ਵੱਲੋਂ ਹੁਣ ਅਧਿਆਪਕਾਂ ਲਈ ਅਸਾਮੀਆਂ ਕੱਢਣੀਆਂ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਦੀ ਪਹਿਲੀ ਪੌੜੀ ਹੈ।