ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਸ਼ਿਆਰਪੁਰ ਵਿਖੇ ਬੋਰਵੈੱਲ ਵਿੱਚ ਡਿੱਗਣ ਵਾਲੇ 6 ਸਾਲਾ ਰਿਤਿਕ ਨੂੰ ਜਲਦੀ ਅਤੇ ਸੁਰੱਖਿਅਤ ਬਾਹਰ ਕੱਢਣ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਵਾਹਿਗੁਰੂ ਮਹਿਰ ਕਰੇ।
ਦੱਸਣਯੋਗ ਹੈ ਕਿ ਮੌਕੇ ‘ਤੇ ਹੁਸ਼ਿਆਰਪੁਰ ਦੇ ਡੀਸੀ ਸੰਦੀਪ ਹੰਸ, ਡੀ.ਐੱਸ.ਪੀ. ਗੋਪਾਲ ਸਿੰਘ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਉੜਮੁੜ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿਲ ਪਹੁੰਚ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ।
ਐੱਨ.ਡੀ.ਆਰ.ਐੱਫ. ਦੀ ਟੀਮ ਵੀ ਬੱਚੇ ਨੂੰ ਬਚਾਉਣ ਲਈ ਪਿੰਡ ਬੈਰਮਪਰ ਵਿਖੇ ਪਹੁੰਚ ਗਈ ਹੈ। ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਬੋਰਵੈੱਲ ਨੂੰ ਖੁੱਲ੍ਹਾ ਰਖਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਬੋਰਵੈੱਲ ਦੇ ਅੰਦਰ ਕੈਮਰਾ ਪਾ ਕੇ ਬੱਚੇ ਦੀ ਹਾਲਤ ਬਾਰੇ ਪਤਾ ਲਾਇਆ ਗਿਆ ਹੈ। ਅਜੇ ਉਹ ਬੇਹੋਸ਼ ਹੈ। ਉਸ ਨੂੰ ਬਚਾਉਣ ਲਈ ਫੌਜ ਦੀ ਵਿਸ਼ੇਸ਼ ਟੀਮ ਨੂੰ ਵੀ ਬੁਲਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹਾਦਸੇ ਵੇਲੇ ਬੱਚੇ ਦੇ ਮਾਪੇ ਬਿਮਲਾ ਦੇਵੀ ਤੇ ਰਾਜਿੰਦਰ ਖੇਤਾਂ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਬੱਚੇ ਦੇ ਪਿੱਛੇ ਕੁੱਤਾ ਪੈ ਗਿਆ ਜਿਸ ਤੋਂ ਬਚਣ ਲਈ ਉਹ ਭੱਜ ਕੇ ਨੇੜੇ ਸਥਿਤ ਬੋਰਵੈੱਲ ਦੀ ਪਾਈਪ ‘ਤੇ ਚੜ੍ਹ ਗਿਆ, ਜੋਕਿ ਜ਼ਮੀਨ ਤੋਂ 3 ਫੁੱਟ ਉੱਚੀ ਸੀ।
ਡੀਸੀ ਸੰਦੀਪ ਹੰਸ ਨੇ ਦੱਸਿਆ ਕਿ ਕੈਮਰੇ ਵਿੱਚ ਬੱਚਾ ਦਿਸ ਗਿਆ ਹੈ। ਉਸ ਨੂੰ ਬਚਾਉਣ ਲਈ ਫੌਜ ਦੇ ਇੰਜੀਨੀਅਰ ਬੁਲਾਏ ਗਏ ਹਨ। ਸਾਡੀ ਕੋਸ਼ਿਸ਼ ਹੈ ਕਿ ਬੱਚੇ ਨੂੰ ਸਹੀ ਸਲਾਮਤ ਕੱਢ ਲਿਆ ਜਾਵੇ।