ਲੁਧਿਆਣਾ ਵਿੱਚ ਇੱਕ ਜੋੜੇ ਨੇ ਇੱਕ ਸਾਬਕਾ ਫੌਜੀ ਨੂੰ ਬੇਹੋਸ਼ ਕਰਕੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ 5 ਲੱਖ ਰੁਪਏ ਮੰਗੇ। ਸਾਬਕਾ ਫ਼ੌਜੀ ਨਵਦੀਪ ਸਿੰਘ ਵਾਸੀ ਸ੍ਰੀ ਮਾਛੀਵਾੜਾ ਸਾਹਿਬ ਨੇ 1 ਫਰਵਰੀ ਨੂੰ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਸ ਨੂੰ ਦੋਸਤੀ ਲਈ ਇੱਕ ਕੁੜੀ ਦੀ ਲੋੜ ਹੈ। ਇਸ਼ਤਿਹਾਰ ਤੋਂ ਬਾਅਦ 5 ਫਰਵਰੀ ਨੂੰ ਉਸ ਨੂੰ ਇਕ ਔਰਤ ਦਾ ਫੋਨ ਆਇਆ। ਉਸ ਨੇ ਆਪਣਾ ਨਾਂ ਸ਼ਵੇਤਾ ਸੈਣੀ ਦੱਸਿਆ।
ਉਸ ਨੇ ਨਵਦੀਪ ਨੂੰ ਆਪਣੀ ਉਮਰ 23 ਸਾਲ ਦੱਸੀ। 7 ਫਰਵਰੀ ਨੂੰ ਸ਼ਵੇਤਾ ਉਸ ਨੂੰ ਮਿਲਣ ਮਾਛੀਵਾੜਾ ਪਹੁੰਚੀ। ਸ਼ਵੇਤਾ ਨੇ ਉਸ ਨੂੰ ਦੱਸਿਆ ਕਿ ਉਹ ਖਾਲਸਾ ਕਾਲਜ ਵਿੱਚ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਹੈ। ਪਹਿਲੀ ਮੁਲਾਕਾਤ ਵਿੱਚ ਹੀ ਉਸ ਤੋਂ 5 ਹਜ਼ਾਰ ਰੁਪਏ ਉਧਾਰ ਲੈ ਲਏ।
ਸ਼ਵੇਤਾ ਨੇ ਉਸ ਨੂੰ 9 ਫਰਵਰੀ ਨੂੰ ਲੁਧਿਆਣਾ ਆਉਣ ਲਈ ਕਿਹਾ। 10 ਫਰਵਰੀ ਨੂੰ ਦੋਹਾਂ ਨੇ ਬਸੰਤ ਹੋਟਲ ‘ਚ ਲੰਚ ਕੀਤਾ ਸੀ। ਘੁਮਾਰ ਮੰਡੀ ਵਿੱਚ ਉਸ ਨੇ ਸ਼ਵੇਤਾ ਨੂੰ 4700 ਰੁਪਏ ਵਿੱਚ ਖਰੀਦਦਾਰੀ ਕਰਵਾਈ। ਇਸ ਤੋਂ ਬਾਅਦ ਉਸਨੇ 9500 ਰੁਪਏ ਦਾ ਘਰੇਲੂ ਸਮਾਨ ਖਰੀਦਿਆ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ਵੇਤਾ ਨੇ ਨਵਦੀਪ ਨੂੰ ਲਵਲੀ ਯੂਨੀਵਰਸਿਟੀ ਨੇੜੇ ਬੁਲਾਇਆ। ਇੱਥੋਂ ਸ਼ਵੇਤਾ ਨਵਦੀਪ ਨੂੰ ਫਗਵਾੜਾ ਬਾਈਪਾਸ ਨੇੜੇ ਪਿੰਡ ਮੇਹਲੀ ਲੈ ਗਈ। ਸ਼ਵੇਤਾ ਉਸ ਨੂੰ ਦੱਸਦੀ ਹੈ ਕਿ ਜਿਸ ਘਰ ਉਹ ਉਸ ਨੂੰ ਲੈ ਕੇ ਆਈ ਹੈ, ਉਹ ਉਸ ਦੇ ਦੋਸਤ ਦਾ ਹੈ ਅਤੇ ਉਸ ਦਾ ਪੂਰਾ ਪਰਿਵਾਰ ਵਿਆਹ ਲਈ ਲਈ ਗਿਆ ਹੋਇਆ ਹੈ। ਉਥੇ ਉਸ ਨੇ ਨਵਦੀਪ ਨੂੰ ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਪਿਲਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ।
ਇਸੇ ਦੌਰਾਨ ਇੱਕ ਹੋਰ ਨੌਜਵਾਨ ਉਸੇ ਥਾਂ ਪਹੁੰਚ ਗਿਆ ਜਿਸ ਨੇ ਨਵਦੀਪ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸ਼ਵੇਤਾ ਉਸ ਨੂੰ ਮਨਦੀਪ ਕਹਿ ਕੇ ਬੁਲਾ ਰਹੀ ਸੀ ਅਤੇ ਮਨਦੀਪ ਨਾਂ ਦਾ ਨੌਜਵਾਨ ਸ਼ਵੇਤਾ ਨੂੰ ਕਿਰਨਦੀਪ ਕਹਿ ਰਿਹਾ ਸੀ। ਬਾਅਦ ਵਿਚ ਪਤਾ ਲੱਗਾ ਕਿ ਦੋਵੇਂ ਪਤੀ-ਪਤਨੀ ਹਨ।
ਔਰਤ ਅਤੇ ਉਸ ਦੇ ਪਤੀ ਨੇ ਨਵਦੀਪ ਦੇ ਕੱਪੜੇ ਲਾਹ ਕੇ ਉਸ ਨੂੰ ਨੰਗਾ ਕਰ ਦਿੱਤਾ ਅਤੇ ਬਾਥਰੂਮ ਵਿਚ ਲੈ ਗਏ ਅਤੇ ਉਸ ਦੀ ਨਗਨ ਵੀਡੀਓ ਬਣਾਈ। ਦੋਸ਼ੀਆਂ ਨੇ ਉਸ ਦੇ ਪਰਸ ਵਿੱਚੋਂ ਜ਼ਰੂਰੀ ਦਸਤਾਵੇਜ਼ ਅਤੇ 15 ਹਜ਼ਾਰ ਰੁਪਏ ਕੱਢ ਲਏ। ਦੋਸ਼ੀ ਨਵਦੀਪ ਨੂੰ ਕਾਰ ਵਿੱਚ ਬਿਠਾ ਕੇ ਮੇਹਲੀ-ਫਗਵਾੜਾ ਰੋਡ ’ਤੇ ਸਥਿਤ ਐਸਬੀਆਈ ਬੈਂਕ ਦੇ ਏਟੀਐਮ ਬੂਥ ’ਤੇ ਲੈ ਗਏ, ਜਿੱਥੇ ਉਸ ਦੇ ਖਾਤੇ ਵਿੱਚੋਂ 20 ਹਜ਼ਾਰ ਰੁਪਏ ਕਢਵਾ ਲਏ। ਉਨ੍ਹਾਂ ਉਸ ਦਾ ਲਾਇਸੈਂਸ ਅਤੇ ਆਧਾਰ ਕਾਰਡ ਵਾਪਸ ਕਰ ਦਿੱਤਾ।
ਕਿਰਨਦੀਪ ਅਤੇ ਉਸਦੇ ਪਤੀ ਮਨਦੀਪ ਨੇ ਨਵਦੀਪ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਪੁਲਿਸ ਨੂੰ ਦੱਸਿਆ ਤਾਂ ਉਹ ਉਸਨੂੰ ਮਾਰ ਦੇਣਗੇ। ਨਾਲ ਹੀ ਨਿਊਡ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕੀਤੀ। ਦੋਸ਼ੀਆਂ ਨੇ ਨਵਦੀਪ ਤੋਂ 1.68 ਲੱਖ ਰੁਪਏ ਲੈ ਲਏ। ਪੀੜਤ ਨਵਦੀਪ ਨੇ ਮਾਛੀਵਾੜਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਐਸ.ਪੀ ਵਰਿਆਮ ਸਿੰਘ ਨੇ ਟ੍ਰੈਪ ਲਗਾ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ, ਉਂਗਲੀਆਂ ਕੱਟਣ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ, 2 ਕਾਬੂ
ਦੋਸ਼ੀ ਕਪੂਰਥਲਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ, ਜੌਬ ਕਾਰਡ, ਪੈਨ ਕਾਰਡ, ਏਟੀਐਮ ਕਾਰਡ, ਕਰੈਡਿਟ ਕਾਰਡ, ਬੈਗ, ਪਰਸ ਅਤੇ 25 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮਾਂ ਨੇ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: