ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਰਨਤਾਰਨ ਰੋਡ ‘ਤੇ ਰਾਜਿੰਦਰਾ ਪੈਲੇਸ ਨੇੜੇ ਆਬਕਾਰੀ ਵਿਭਾਗ ਦੇ ਕਰਮਚਾਰੀ ਅਵਤਾਰ ਸਿੰਘ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਅਵਤਾਰ ਆਪਣੇ ਦੋਸਤਾਂ ਨਾਲ ਇੱਕ ਬੋਲੇਰੋ ਵਿੱਚ ਘਰ ਜਾ ਰਿਹਾ ਸੀ। ਇਹ ਇਲਜਾਮ ਲਗਾਇਆ ਗਿਆ ਹੈ ਕਿ ਐਸਆਈ ਦੇ ਬੇਟੇ ਨੂੰ ਸ਼ੱਕ ਸੀ ਕਿ ਉਸ ਦੇ ਇੱਕ ਜਾਣਕਾਰ ਦੀ ਨਾਜਾਇਜ਼ ਸ਼ਰਾਬ ਅਵਤਾਰ ਸਿੰਘ ਨੇ ਕੁਝ ਦਿਨ ਪਹਿਲਾਂ ਫੜਵਾਈ ਸੀ।
ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਂਝੇ ਦੀ ਹਵੇਲੀ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਵਤਾਰ ਸਿੰਘ ਪਿਛਲੇ ਤਿੰਨ-ਚਾਰ ਸਾਲਾਂ ਤੋਂ ਆਬਕਾਰੀ ਵਿਭਾਗ ਵਿੱਚ ਕੰਮ ਕਰ ਰਿਹਾ ਹੈ। ਕੁਝ ਦਿਨਾਂ ਤੋਂ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਸਬ-ਇੰਸਪੈਕਟਰ ਤੇਜਿੰਦਰ ਸਿੰਘ ਦਾ ਪੁੱਤਰ ਅੰਤਰ ਕਾਹਲੋਂ ਉਸ ਨਾਲ ਰੰਜਿਸ਼ ਰਖ ਰਿਹਾ ਸੀ। ਪਿਛਲੇ ਦਿਨੀਂ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਖਿਡਾਰੀਆਂ ਦੀ ਵੱਡੀ ਪ੍ਰਾਪਤੀ- ਸ੍ਰੀ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਤੇ ਮੋਗਾ ਦਾ ਤਜਿੰਦਰਪਾਲ ਟੋਕਿਓ ਓਲੰਪਿਕਸ ਲਈ ਹੋਏ ਕੁਆਲੀਫਾਈ
ਅਵਤਾਰ ਸਿੰਘ ਸੋਮਵਾਰ ਰਾਤ 10.43 ਵਜੇ ਬੋਲੈਰੋ ਵਿੱਚ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ। ਤਰਨਤਾਰਨ ਰੋਡ ‘ਤੇ ਆਪਣੇ 15-20 ਹਥਿਆਰਬੰਦ ਸਾਥੀਆਂ ਸਮੇਤ ਅੰਤਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਹੀ ਉਹ ਬੋਲੇਰੇ ਤੋਂ ਹੇਠਾਂ ਉਤਰਿਆ, ਮੁਲਜ਼ਮਾਂ ਨੇ ਬੇਸਬੇਟ ਅਤੇ ਲੋਹੇ ਦੀਆਂ ਰਾਡਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਅਵਤਾਰ ਨੂੰ ਸਿੱਧੇ ਸਿਰ ’ਤੇ ਮਾਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਵਤਾਰ ਦਾ ਛੋਟਾ ਭਰਾ ਹੀਰਾ ਸਿੰਘ ਬਚਾਅ ਲਈ ਪਹੁੰਚਿਆ ਤਾਂ ਮੁਲਜ਼ਮ ਨੇ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਖਮੀ ਵੀ ਕਰ ਦਿੱਤਾ। ਹੀਰਾ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ ਅਵਤਾਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੁਲਤਾਨਵਿੰਡ ਥਾਣੇ ਦੇ ਇੰਸਪੈਕਟਰ ਪ੍ਰਨੀਤ ਕੁਮਾਰ ਨੇ ਦੱਸਿਆ ਕਿ ਕੇਸ ਦਰਜ ਕੀਤਾ ਜਾ ਰਿਹਾ ਹੈ।