Fake raid on retired officer’s : ਸੰਗਰੂਰ ਜ਼ਿਲ੍ਹੇ ਦੇ ਕਸਬਾ ਭਵਾਨੀਗੜ੍ਹ ਵਿੱਚ ਅਜਿਹਾ ਮਾਮਲਾ ਸਾਹਮਣੇ ਆਏ ਹੈ, ਜਿਥੇ ਬਾਲੀਵੁੱਡ ਫਿਲਮ ‘ਸਪੈਸ਼ਲ 26’ ਦੀ ਕਹਾਣੀ ਵਾਂਗ ਸ਼ੁੱਕਰਵਾਰ ਨੂੰ ਚ ਰਿਟਾਇਰਡ ਜ਼ਿਲ੍ਹਾ ਫੂਡ ਕੰਟਰੋਲਰ ਕ੍ਰਿਸ਼ਨਾ ਕੁਮਾਰ ਕੋਹਲੀ ਦੇ ਘਰ ’ਚ ਛਾਪੇਮਾਰੀ ਕਰਕੇ ਸ਼ਾਤਿਰ ਬਦਮਾਸ਼ਾਂ ਨੇ 3.40 ਲੱਖ ਦੀ ਨਕਦੀ ਤੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਲਏ। ਸੱਤ ਬਦਮਾਸ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਅਧਿਕਾਰੀ ਬਣ ਕੇ ਘਰ ਅਂਦਰ ਦਾਖਲ ਹੋਏ। ਉਹ ਲੋਕ ਉਥੇ ਡੇਢ ਘੰਟੇ ਤੱਕ ਰੁਕੇ ਅਤੇ ਜਾਂਚ ਲਈ ਨਕਦੀ ਤੇ ਸੋਨੇ-ਚਾਂਦੀ ਦੇ ਗਹਿਣਿਆਂ ਨੂੰ ਕਬਜ਼ੇ ਵਿੱਚ ਲੈ ਲਿਆ। ਜਾਂਦੇ ਸਮੇਂ ਲੁਟੇਰਿਆਂ ਨੇ ਕਬਜ਼ੇ ਵਿੱਚ ਲਏ ਸਾਮਾਨ ਦੀ ਸੂਚੀ ਪਰਿਵਾਰ ਨੂੰ ਸੌਂਪ ਦਿੱਤੀ। ਉਨ੍ਹਾਂ ਨੇ ਪੈਟਰੋਲ ਪੰਪ ‘ਤੇ ਵੀ ਜਾਂਚ ਲਈ ਬੁਲਾਇਆ ਅਤੇ ਖੁਦ ਗਾਇਬ ਹੋ ਗਏ। ਇਸ ਸਮੇਂ ਦੌਰਾਨ, ਪਰਿਵਾਰ ਨੂੰ ਬਿਲਕੁਲ ਸ਼ੱਕ ਨਹੀਂ ਹੋਇਆ ਕਿ ਇਹ ਲੋਕ ਈਡੀ ਦੇ ਅਧਿਕਾਰੀ ਨਹੀਂ, ਸਗੋਂ ਬਦਮਾਸ਼ ਹਨ। ਬਾਅਦ ਵਿੱਚ ਰਿਟਾਇਰਡ ਅਧਇਕਾਰੀ ਕਈ ਘੰਟੇ ਪੈਟਰੋਲ ਪੰਪ ’ਤੇ ਉਡੀਕ ਕਰਦਾ ਰਿਹਾ, ਪਰ ਕੋਈ ਨਹੀਂ ਆਇਆ। ਉਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਲੁੱਟ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੇਵਾਮੁਕਤ ਅਧਿਕਾਰੀ ਕ੍ਰਿਸ਼ਨ ਕੁਮਾਰ ਕੋਹਲੀ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਇੱਕ ਵਿਅਕਤੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਿਆ। ਉਸਨੇ ਘਰ ਦੇ ਮੁੱਖ ਗੇਟ ਦੇ ਬਾਹਰ ਖੜ੍ਹੇ ਛੇ-ਸੱਤ ਸਾਥੀਆਂ ਨੂੰ ਬੁਲਾਇਆ। ਉਸ ਵਕਤ ਪਤਨੀ, ਪੁੱਤਰ, ਨੂੰਹ ਅਤੇ ਉਨ੍ਹਾਂ ਦੇ ਦੋ ਬੱਚੇ ਘਰ ਵਿੱਚ ਮੌਜੂਦ ਸਨ। ਘਰ ਵਿੱਚ ਦਾਖਲ ਹੋਏ ਤਿੰਨ ਵਿਅਕਤੀ ਪੁਲਿਸ ਦੀ ਵਰਦੀ ਪਹਿਨੇ ਹੋਏ ਸਨ। ਦੋ ਆਮ ਕੱਪੜਿਆਂ ਵਿੱਚ ਸਨ, ਇੱਕ ਨੇ ਸਫੈਦ ਰੰਗ ਦੀ ਯੂਨੀਫੋਰਮ ਅਤੇ ਇੱਕ ਨੇ ਕਾਲੇ ਰੰਗ ਦੀ ਪੇਂਟ ਅਤੇ ਕਮੀਜ਼ ਪਹਿਨੀ ਹੋਈ ਸੀ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਸਨ। ਇਕ ਬਦਮਾਸ਼ ਨੇ ਉਨ੍ਹਾਂ ਦੇ ਹੱਥਾਂ ਵਿੱਚ ਕਾਗਜ਼ ਫੜਾਉਂਦਿਆਂ ਕਿਹਾ ਕਿ ਉਹ ਈਡੀ ਦੇ ਅਧਿਕਾਰੀ ਹਨ ਅਤੇ ਛਾਪਾਮਾਰੀ ਕਰਨ ਆਏ ਹਨ। ਉਨ੍ਹਾਂ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇੱਕ ਜਗ੍ਹਾ ਬਿਠਾ ਦਿੱਤਾ। ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਏ। ਬਦਮਾਸ਼ਾਂ ਨੇ ਲਗਭਗ ਅੱਧਾ ਕਿਲੋ ਚਾਂਦੀ, 450 ਗ੍ਰਾਮ ਸੋਨੇ ਦੇ ਗਹਿਣੇ ਅਤੇ 3.40 ਲੱਖਾਂ ਰੁਪਏ ਆਪਣੇ ਕਬਜ਼ੇ ਵਿੱਚ ਲੈ ਲਏ।
ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਲੁਟੇਰੇ ਜਾਂਦੇ ਹੋਏ ਕਹਿ ਗਏ ਸਨ ਕਿ ਉਹ ਪੈਟਰੋਲ ਪੰਪ ਦੇ ਸਾਬਕਾ ਮੈਨੇਜਰ ਵਿਸ਼ਾਲ ਉਰਫ ਬਬਲੂ ਦੇ ਘਰ ਛਾਪਾ ਮਾਰਨ ਜਾ ਰਹੇ ਸਨ। ਵਿਸ਼ਾਲ ਨੇ ਹੀ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ ਹੈ। ਇਸ ਤੋਂ ਬਾਅਦ ਪੈਟਰੋਲ ਪੰਪ ‘ਤੇ ਜਾਂਚ ਕੀਤੀ ਜਾਵੇਗੀ। ਉਹ ਲੋਕ ਪੰਪ ਦੀ ਲੇਜ਼ਰ ਬੁੱਕ ਲੈ ਕੇ ਉਥੇ ਪਹੁੰਚ ਜਾਣ। ਪਰਿਵਾਰ ਨੇ ਸਾਬਕਾ ਮੈਨੇਜਰ ‘ਤੇ ਵੀ ਸ਼ੱਕ ਪ੍ਰਗਟਾਇਆ ਹੈ। ਉਸ ਨੂੰ ਇਸ ਸਾਲ ਮਾਰਚ ਵਿੱਚ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਸ ਬਾਰੇ ਡੀਐਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਘਟਨਾ ਦਾ ਜਾਇਜ਼ਾ ਲੈਣ ’ਤੇ ਘਰ ਵਿੱਚ ਕਿਸੇ ਟੀਮ ਦੇ ਆਉਣ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਘਰ ਦੇ ਗੇਟ ਜਾਂ ਬਾਹਰ ਕਿਤੇ ਸੀਸੀਟੀਵੀ ਵੀ ਨਹੀਂ ਲੱਗੇ ਹਨ। ਆਲੇ-ਦੁਆਲੇ ਦੇ ਘਰਾਂ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਲੁਟੇਰਿਆਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਫਿਲਹਾਲ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੀੜਤ ਦੇ ਬਿਆਨ ਵੀ ਵਾਰ-ਵਾਰ ਬਦਲ ਰਹੇ ਹਨ।