ਕਾਬੁਲ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਨਾ ਸਿਰਫ ਇਸ ਸ਼ਹਿਰ ਵਿੱਚ, ਬਲਕਿ ਪੂਰੇ ਅਫਗਾਨਿਸਤਾਨ ਵਿੱਚ, ਸਥਿਤੀ ਬਹੁਤ ਖਰਾਬ ਹੋ ਗਈ ਹੈ। ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਨੇ ਵੀ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਹਾਲਾਂਕਿ, ਕਾਬੁਲ ਦੀ ਸਥਿਤੀ ਦੇ ਕਾਰਨ, ਸੋਮਵਾਰ ਨੂੰ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਦੇ ਕੰਮ ਵਿੱਚ ਵਿਘਨ ਪਿਆ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
ਹੁਣ ਕੌਮਾਂਤਰੀ ਸਿਆਸਤ ਤੋਂ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਫਗਾਨਿਸਤਾਨ ਤੋਂ ਬਾਅਦ ਮਲੇਸ਼ੀਆ ਵਿਚ ਉਥਲ-ਪੁਥਲ ਮਚੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮੋਹੀਉਦੀਨ ਯਾਸੀਨ ਨੇ ਸੋਮਵਾਰ ਨੂੰ ਆਪਣਾ ਅਸਤੀਫਾ ਮਲੇਸ਼ੀਆ ਦੇ ਰਾਜੇ ਨੂੰ ਸੌਂਪ ਦਿੱਤਾ ਹੈ। ਮੋਹੀਉਦੀਨ ਯਾਸੀਨ ਨੇ ਅਹੁਦਾ ਸੰਭਾਲਣ ਦੇ 18 ਮਹੀਨਿਆਂ ਦੇ ਘੱਟ ਸਮੇਂ ‘ਚ ਹੀ ਆਪਣਾ ਅਸਤੀਫਾ ਦੇ ਦਿੱਤਾ। ਉਹ ਦੇਸ਼ ਦੀ ਸੱਤਾ ‘ਚ ਸਭ ਤੋਂ ਘੱਟ ਸਮੇਂ ਲਈ ਸੱਤਾ ‘ਚ ਰਹਿਣ ਵਾਲੇ ਨੇਤਾ ਬਣ ਗਏ ਹਨ।ਉਹ ਮਾਰਚ 2020 ‘ਚ ਪ੍ਰਧਾਨ ਮੰਤਰੀ ਬਣੇ ਸਨ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਪਹੁੰਚਿਆ ਕਾਬੁਲ
ਮੋਹੀਉਦੀਨ ਦੀ ਸਰਕਾਰ ਬਹੁਤ ਘੱਟ ਬਹੁਮਤ ਨਾਲ ਚੱਲ ਰਹੀ ਸੀ ਅਤੇ ਅਖੀਰ ‘ਚ ਸਭ ਤੋਂ ਵੱਡੀ ਗਠਜੋੜ ਪਾਰਟੀ ਦੇ 12 ਤੋਂ ਵੱਧ ਸੰਸਦ ਮੈਂਬਰਾਂ ਨੇ ਸਮਰਥਨ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਡਾਵਾਂਡੋਲ ਹੋ ਗਈ।ਯੂਨਾਈਟਡ ਮਲੇੲੈ ਨੈਸ਼ਨਲ ਆਰਗੇਨਾਈਜੇਸ਼ਨ ਦੇ ਦੋ ਮੰਤਰੀਆਂ ਨੇ ਵੀ ਅਸਤੀਫਾ ਦੇ ਦਿੱਤਾ। ਮੁਹੀਉਦੀਨ ਨੇ ਅਜਿਹੇ ਸਮੇਂ ਅਸਤੀਫਾ ਦੇ ਦਿੱਤਾ ਹੈ ਜਦੋਂ ਮਹਾਂਮਾਰੀ ਨੂੰ ਸਹੀ ਢੰਗ ਨਾਲ ਨਾ ਸੰਭਾਲਣ ‘ਤੇ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ।
ਮਲੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਲਾਗ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਇਸ ਮਹੀਨੇ ਲਾਗ ਦੇ ਰੋਜ਼ਾਨਾ ਨਵੇਂ ਕੇਸ 20,000 ਨੂੰ ਪਾਰ ਕਰ ਗਏ ਹਨ। ਉਹ ਵੀ ਉਦੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਵਾਲੀ ਸਥਿਤੀ ਸੱਤ ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਲਾਗ ਨਾਲ ਨਜਿੱਠਣ ਲਈ ਜੂਨ ਤੋਂ ਇੱਥੇ ਲੌਕਡਾਊਨ ਲੱਗਾ ਹੋਇਆ ਹੈ। ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਲੜ ਰਹੇ ਦੇਸ਼ ਵਿੱਚ ਇੱਕ ਸਿਆਸੀ ਸੰਕਟ ਵੀ ਪੈਦਾ ਹੋ ਗਿਆ ਹੈ। ਚੋਟੀ ਦੇ ਅਹੁਦੇ ਲਈ ਨੇਤਾਵਾਂ ਵਿੱਚ ਦੌੜ ਸ਼ੁਰੂ ਹੋ ਗਈ ਹੈ ਅਤੇ ਉਪ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਸਮਰਥਨ ਪ੍ਰਾਪਤ ਕਰ ਰਹੇ ਹਨ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਹਰਦੀਪ ਪੁਰੀ ਅਫ਼ਗਾਨਿਸਤਾਨ ‘ਚ ਫਸੇ ਭਾਰਤੀਆਂ ਲਈ ਹੋਏ ਚਿੰਤਤ, ਹਿੰਦੂਆਂ ਤੇ ਸਿੱਖਾਂ ਨੂੰ ਭਾਰਤ ਵਾਪਸ ਲਿਆਉਣ ਦਾ ਦਿੱਤਾ ਭਰੋਸਾ