ਫਰੀਦਕੋਟ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ। ਮੋਗਾ ਅਦਾਲਤ ਨੇ ਕੋਟਕਪੂਰਾ ਦੇ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਰਿਮਾਂਡ ਫ਼ਰੀਦਕੋਟ ਪੁਲਿਸ ਨੂੰ ਸੌਂਪਿਆ, ਅੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ, ਫ਼ਰੀਦਕੋਟ ਜ਼ਿਲ੍ਹੇ ਵਿੱਚ ਉਸ ਖਿਲਾਫ ਦੋ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਕੇਸ ਕੋਟਕਪੂਰਾ ਦੇ ਕਾਰੋਬਾਰੀ ਤੋਂ 50 ਲੱਖ ਰੁਪਏ ਫਿਰੌਤੀ ਮੰਗਣ ਦਾ ਹੈ, ਜਦਕਿ ਦੂਜਾ ਕੇਸ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਪਹਿਲਵਾਨ ਦੇ ਕਤਲਕਾਂਡ ਦਾ ਹੈ। ਦੋਵਾਂ ਹੀ ਮਾਮਲਿਆਂ ਵਿੱਚ ਫਰੀਦਕੋਟ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਏਗੀ।
ਦੱਸ ਦੇਈਏ ਕਿ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ‘ਚ ਮੋਗਾ ਪੁਲਿਸ ਨੇ ਲਾਰੈਂਸ ਨੂੰ ਰਿਮਾਂਡ ‘ਤੇ ਲਿਆ ਸੀ। 1 ਅਗਸਤ ਨੂੰ ਮੋਗਾ ਪੁਲਿਸ ਨੇ ਲਾਰੈਂਸ ਦਾ 10 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਹੁਣ ਫਰੀਦਕੋਟ ਵਿੱਚ ਦਰਜ ਕੇਸ ਵਿੱਚ ਉਸ ਦਾ ਰਿਮਾਂਡ ਲਿਆ ਜਾ ਸਕਦਾ ਹੈ। ਲਾਰੈਂਸ ਖਿਲਾਫ ਇੱਥੇ 2 ਕੇਸ ਦਰਜ ਹਨ। ਲਾਰੈਂਸ ‘ਤੇ ਪੰਜਾਬ ਭਰ ‘ਚ 17 ਮਾਮਲੇ ਦਰਜ ਹਨ, ਜਿਸ ਵਿਚ ਉਸ ਦੀ ਗ੍ਰਿਫਤਾਰੀ ਪਾ ਕੇ ਹਰ ਮਾਮਲੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਂਦਾ ਗਿਆ ਸੀ। ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ। ਲਾਰੈਂਸ ਨੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਨੂੰ ਉਸਦੇ ਕੈਨੇਡਾ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ ਨੇ ਅੰਜਾਮ ਦਿੱਤਾ ਸੀ। ਗੋਲਡੀ ਦੇ ਕਹਿਣ ‘ਤੇ 6 ਸ਼ੂਟਰਾਂ ਨੇ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ। ਇਨ੍ਹਾਂ ‘ਚੋਂ 3 ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਫੜੇ ਗਏ ਹਨ। ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਅਟਾਰੀ ਸਰਹੱਦ ਨੇੜੇ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜੇਲ੍ਹ ‘ਚੋਂ ਬਾਹਰ ਆਉਣਗੇ ਬਿਕਰਮ ਮਜੀਠੀਆ, ਹਾਈਕੋਰਟ ਤੋਂ ਮਿਲੀ ਜ਼ਮਾਨਤ
ਪੰਜਾਬ ਵਿੱਚ ਲਾਰੈਂਸ ਖ਼ਿਲਾਫ਼ ਸਭ ਤੋਂ ਵੱਧ 17 ਕੇਸ ਦਰਜ ਹਨ। ਜਿਨ੍ਹਾਂ ਵਿੱਚ 6 ਕੇਸ ਫਾਜ਼ਿਲਕਾ ਵਿੱਚ ਹਨ। ਲਾਰੈਂਸ ਫਾਜ਼ਿਲਕਾ ਦੇ ਪਿੰਡ ਦੁਤਰਾਵਾਲੀ ਦਾ ਰਹਿਣ ਵਾਲਾ ਹੈ। ਮੁਹਾਲੀ ਵਿੱਚ ਲਾਰੈਂਸ ਖ਼ਿਲਾਫ਼ 7, ਫਰੀਦਕੋਟ ਵਿੱਚ 2, ਅੰਮ੍ਰਿਤਸਰ ਅਤੇ ਮੁਕਤਸਰ ਵਿੱਚ 1-1 ਕੇਸ ਦਰਜ ਹਨ। 2010 ਵਿੱਚ ਲਾਰੈਂਸ ਖ਼ਿਲਾਫ਼ ਚੰਡੀਗੜ੍ਹ ਅਤੇ ਮੁਹਾਲੀ ਵਿੱਚ 3 ਅਪਰਾਧਿਕ ਮਾਮਲੇ ਦਰਜ ਹੋਏ ਸਨ। ਇਹ ਕੇਸ ਗੈਰ-ਕਾਨੂੰਨੀ ਹਥਿਆਰਾਂ ਅਤੇ ਕਤਲ ਦੀ ਕੋਸ਼ਿਸ਼ ਦੇ ਸਨ। ਅਪਰੈਲ 2010 ਵਿੱਚ ਚੰਡੀਗੜ੍ਹ ਵਿੱਚ ਦਰਜ ਦੋ ਕੇਸਾਂ ਵਿੱਚੋਂ ਲਾਰੈਂਸ ਨੂੰ ਬਰੀ ਕਰ ਦਿੱਤਾ ਗਿਆ ਸੀ। ਉਸ ਨੂੰ ਅਕਤੂਬਰ 2010 ਵਿੱਚ ਮੁਹਾਲੀ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: