ਨਾਭਾ ਦੇ ਪਿੰਡ ਹਿਆਨਾ ਵਿੱਚ ਬੁੱਧਵਾਰ ਦੀ ਰਾਤ ਨੂੰ ਨਾਰਾਜ਼ ਕਿਸਾਨਾਂ ਨੇ ਬਿਜਲੀ ਗਰਿੱਡ ਦਾ ਘਿਰਾਓ ਕੀਤਾ, ਐਸਡੀਓ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਬਾਹਰ ਧਰਨਾ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਐਸ.ਡੀ.ਓ. ਨੂੰ ਬਾਹਰ ਕਢਵਾਇਆ।
ਕਿਸਾਨ ਗੁਰਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਦਿਨ ਵਿਚ ਤਿੰਨ ਘੰਟੇ ਬਿਜਲੀ ਮੁਸ਼ਕਿਲ ਨਾਲ ਮਿਲ ਰਹੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਫੂਕ ਕੇ ਫਸਲਾਂ ਨੂੰ ਪਾਣੀ ਦੇਣਾ ਪੈਂਦਾ ਹੈ।
ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਕਿ ਦਿਨ ਵਿਚ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਮੰਗ ਨਾ ਮੰਨੇ ਜਾਣ ’ਤੇ ਅੰਦੋਲਨ ਨੂੰ ਤੇਜ਼ ਕਰਨ ਦੀ ਧਮਕੀ ਦਿੱਤੀ। ਦੂਜੇ ਪਾਸੇ ਐਸ.ਡੀ.ਓ ਧਰਮਪਾਲ ਸਿੰਘ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਘਾਟ ਕਾਰਨ ਸਮੱਸਿਆ ਹੋ ਰਹੀ ਹੈ ਪਰ ਜਲਦੀ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਸਰਕਾਰੀ ਦਫਤਰਾਂ ਦਾ ਸਮਾਂ, ਬਿਜਲੀ ਦੀ ਕਿੱਲਤ ਕਰਕੇ CM ਨੇ ਲਿਆ ਫੈਸਲਾ
ਉਥੇ ਹੀ ਵੀਰਵਾਰ ਨੂੰ ਸਵੇਰੇ ਸਾਢੇ ਨੌਂ ਵਜੇ ਬਿਜਲੀ ਮੁਲਾਜ਼ਮ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਤਿੰਨ ਗੇਟਾਂ ਦਾ ਘੇਰਾਓ ਕੀਤਾ। ਬਾਅਦ ਵਿੱਚ ਮੋਤੀ ਮਹਿਲ ਵੱਲ ਰੋਸ ਮਾਰਚ ਕੱਢਣ ਤੋਂ ਬਾਅਦ ਐਸਡੀਐਮ ਕਰਮਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪਿਆ। ਐਸਡੀਐਮ ਨੇ ਮੰਗਾਂ ਸਬੰਧੀ ਇਕ-ਦੋ ਦਿਨਾਂ ਵਿਚ ਸਰਕਾਰ ਨਾਲ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ।