ਪੰਜਾਬ ਵਿੱਚ ਗੰਨੇ ਦਾ ਘੱਟ ਰੇਟ ਮਿਲਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂਆਂ ਨੇ 20 ਅਗਸਤ ਨੂੰ ਜਲੰਧਰ ਵਿੱਚ ਧਨੋਵਾਲੀ ਰੇਲਵੇ ਟਰੈਕ ਨੇੜੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਇੱਕ ਸਾਈਡ ਬੰਦ ਕੀਤੀ ਸੀ, ਪਰ ਇਸ ਵਾਰ ਹਾਈਵੇਅ ‘ਤੇ ਦੋਵੇਂ ਪਾਸਿਓਂ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ। ਜੇਕਰ ਫਿਰ ਵੀ ਮਾਮਲੇ ਦੀ ਸੁਣਵਾਈ ਨਾ ਹੋਈ ਤਾਂ ਰੇਲਵੇ ਟਰੈਕ ਵੀ ਜਾਮ ਕਰ ਦਿੱਤੇ ਜਾਣਗੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਹਰਿਆਣਾ ਵਿੱਚ ਗੰਨੇ ਦਾ ਰੇਟ 350 ਰੁਪਏ ਪ੍ਰਤੀ ਕੁਇੰਟਲ ਸੀ, ਜਿਸ ਨੂੰ ਹੁਣ 8 ਰੁਪਏ ਵਧਾ ਕੇ 358 ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਇਹ ਰੇਟ ਸਿਰਫ 310 ਰੁਪਏ ਹੈ। ਕੈਪਟਨ ਸਰਕਾਰ ਨੇ 5 ਸਾਲਾਂ ਤੋਂ ਰੇਟ ਨਹੀਂ ਵਧਾਏ। ਖੰਡ ਦਾ ਰੇਟ ਵੀ 40 ਤੋਂ ਉਪਰ ਚਲਾ ਗਿਆ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਗੰਨੇ ਦਾ ਰੇਟ 588 ਰੁਪਏ ਪ੍ਰਤੀ ਕੁਇੰਟਲ ਹੈ ਪਰ ਅਸੀਂ 400 ਰੁਪਏ ਮੰਗ ਰਹੇ ਹਾਂ। ਇਸ ਬਾਰੇ ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੀਐਮ ਹਾਊਸ ਵਿੱਚ ਮੀਟਿੰਗ ਵੀ ਹੋਈ ਸੀ, ਪਰ ਉਹ ਇੱਕ ਹਫ਼ਤੇ ਦਾ ਸਮਾਂ ਲੈ ਕੇ ਪਿੱਛੇ ਹਟ ਗਏ। ਕਿਸਾਨ ਅੰਦੋਲਨ ਦਾ ਰਾਹ ਅਪਣਾਉਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ : ਕੈਪਟਨ ਦਾ ਵਿਰੋਧ ਕਰਨ ਵਾਲੇ ਪਰਗਟ ਸਿੰਘ ਨੂੰ ਸਿੱਧੂ ਨੇ ਬਣਾਇਆ PPCC ਦਾ ਜਨਰਲ ਸੈਕਟਰੀ
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ 200 ਕਰੋੜ ਰੁਪਏ ਦੇ ਬਕਾਏ ਨਿੱਜੀ ਅਤੇ ਸਹਿਕਾਰੀ ਮਿੱਲਾਂ ‘ਤੇ ਖੜ੍ਹੇ ਹਨ। ਇਨ੍ਹਾਂ ਵਿੱਚੋਂ ਕਰੀਬ 145 ਕਰੋੜ ਪ੍ਰਾਈਵੇਟ ਅਤੇ 55 ਕਰੋੜ ਸਹਿਕਾਰੀ ਮਿੱਲਾਂ ਦੇ ਬਕਾਏ ਹਨ। ਇਹ ਪਿਛਲੇ ਸੀਜ਼ਨ ਦਾ ਹੈ। ਫਗਵਾੜਾ ਮਿੱਲ ਦੀ ਤਰਫੋਂ 2 ਸਾਲਾਂ ਤੋਂ ਕਿਸਾਨਾਂ ਦੇ 50 ਕਰੋੜ ਦੇ ਬਕਾਏ ਖੜ੍ਹੇ ਹਨ। ਕਿਸਾਨ ਆਗੂਆਂ ਜਸਕਰਨ ਸਿੰਘ ਅਤੇ ਗੁਰਮਿੰਦਰ ਟੀਨੂੰ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਟ੍ਰੈਫਿਕ ਜਾਮ ਤੋਂ ਪ੍ਰੇਸ਼ਾਨ ਹੋਣ, ਪਰ ਮਜਬੂਰੀ ਵਿੱਚ ਅਧਿਕਾਰਾਂ ਦੀ ਮੰਗ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।