ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਫਾਜ਼ਿਲਕਾ ਸਦਰ ਥਾਣਾ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਇੱਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ, ਭੁੱਕੀ, ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਇਸ ਕੰਮ ਵਿੱਚ ਵਰਤੀ ਗਈ ਇੱਕ ਕਲੂਜ਼ਰ ਕਾਰ, ਇੱਕ ਟਰੈਕਟਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਗਸ਼ਤ ਦੌਰਾਨ ਸੂਚਨਾ ਦੇ ਅਧਾਰ ’ਤੇ ਪਿੰਡ ਮੁਠਿਆਂਵਾਲੀ ਨੇੜੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪਿੰਡ ਮੂਠਿਆਂਵਾਲੀ ਦੇ ਵਸਨੀਕ ਗੁਰਚਰਨ ਸਿੰਘ ਨੂੰ ਕਾਬੂ ਕਰਨ ਤੋਂ ਬਾਅਦ ਉਸ ਕੋਲੋਂ 1050 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਜਦੋਂ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਨੇ ਗੋਲੀਆਂ ਵੇਚਣ ਲਈ ਪਿੰਡ ਪਰੇਵਾਲਾ ਦੇ ਵਸਨੀਕ ਰਵਿੰਦਰ ਕੁਮਾਰ ਕੋਲੋਂ ਲਈਆਂ ਸਨ। ਜਿਸ ‘ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਨਾਮਜ਼ਦ ਕੀਤਾ ਅਤੇ ਉਸ ਨੂੰ 1 ਜੂਨ ਨੂੰ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਇਕ ਲੱਖ 77 ਹਜ਼ਾਰ ਰੁਪਏ, 20 ਹਜ਼ਾਰ 400 ਨਸ਼ੀਲੀਆਂ ਗੋਲੀਆਂ ਅਤੇ 21 ਕਿਲੋ ਡੋਡਾ ਭੁੱਕੀ ਬਰਾਮਦ ਕੀਤੀ।
ਇਹ ਵੀ ਪੜ੍ਹੋ : ਤਰਨਤਾਰਨ ਪੁਲਿਸ ਨੇ ਸੁਲਝਾਈ ’ਡਬਲ ਮਰਡਰ’ ਦੀ ਗੁੱਥੀ- ਤਿੰਨ ਕੀਤੇ ਕਾਬੂ
ਇਸ ਤੋਂ ਬਾਅਦ ਦੋਸ਼ੀ ਨੂੰ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਕੋਲੋਂ 93 ਹਜ਼ਾਰ 900 ਹੋਰ ਗੋਲੀਆਂ ਅਤੇ 30 ਕਿਲੋ ਡੋਡਾ ਭੁੱਕੀ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਨਸ਼ਾ ਲਿਆਉਂਦਾ ਸੀ ਅਤੇ ਉਹ ਟਰਾਂਸਪੋਰਟ ਦਾ ਕੰਮ ਕਰਦਾ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਦੀ ਜਾਣਕਾਰੀ ‘ਤੇ ਕੁਝ ਹੋਰ ਲੋਕਾਂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।