ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਾਜਸਥਾਨ ਦੇ ਜੈਸਲਮੇਰ ਨੇੜੇ ਕ੍ਰੈਸ਼ ਹੋ ਗਿਆ। ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਹਰਸ਼ਿਤ ਸਿਨਹਾ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਨਿਊਜ਼ ਏਜੰਸੀ ਨੂੰ ਦਿੱਤੀ ਗਈ।
ਜੈਸਲਮੇਰ ਦੇ ਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਜਹਾਜ਼ ਸੈਮ ਥਾਣਾ ਖੇਤਰ ਦੇ ਡੇਜ਼ਰਟ ਨੈਸ਼ਨਲ ਪਾਰਕ ਇਲਾਕੇ ‘ਚ ਕ੍ਰੈਸ਼ ਹੋ ਗਿਆ। ਐੱਸ.ਪੀ. ਨੇ ਕਿਹਾ ਕਿ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਹ ਵੀ ਹਾਦਸੇ ਵਾਲੀ ਥਾਂ ਦੇ ਰਸਤੇ ‘ਤੇ ਹਨ। ਇਸ ਘਟਨਾ ‘ਤੇ ਹਵਾਈ ਫੌਜ ਨੇ ਟਵੀਟ ਰਾਹੀਂ ਬਿਆਨ ਜਾਰੀ ਕੀਤਾ ਹੈ।
ਜਿਸ ਵਿੱਚ ਲਿਖਿਆ ਗਿਆ ਹੈ ਕਿ ਅੱਜ ਰਾਤ ਲਗਭਗ 8.30 ਵਜੇ, ਭਾਰਤੀ ਹਵਾਈ ਫੌਜ ਦਾ ਇੱਕ ਮਿਗ-21 ਜਹਾਜ਼ ਉਡਾਣ ਦੌਰਾਨ ਪੱਛਮੀ ਸੈਕਟਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਜਾਂਚ ਦੇ ਹੁਕਮ ਦਿੱਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਭਾਰਤੀ ਹਵਾਈ ਫੌਜ ਵੱਲੋਂ 1960 ਦੇ ਦਹਾਕੇ ਵਿੱਚ ਮਿਗ Mig 21 ਜਹਾਜ਼ਾਂ ਨੂੰ ਸ਼ਾਮਲ ਕਰਨਾ ਸ਼ੁਰੂ ਕੀਤਾ ਗਿਆ ਸੀ। ਭਾਰਤੀ ਹਵਾਈ ਫੌਜ ਨੇ ਪਿਛਲੇ ਸਾਲਾਂ ਦੌਰਾਨ ਕਈ ਮਿਗ-21 ਜਹਾਜ਼ਾਂ ਅਤੇ ਹੋਰ ਜਹਾਜ਼ਾਂ ਨੂੰ ਕਈ ਹਾਦਸਿਆਂ ਵਿੱਚ ਗੁਆ ਦਿੱਤਾ ਹੈ।
ਜੂਨ 2019 ਵਿੱਚ, ਰੱਖਿਆ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਕਿ 2016 ਤੋਂ ਲੈ ਕੇ ਹੁਣ ਤੱਕ ਭਾਰਤੀ ਹਵਾਈ ਫੌਜ ਦੇ 27 ਜਹਾਜ਼ ਕ੍ਰੈਸ਼ ਹੋ ਚੁੱਕੇ ਹਨ। ਇਸ ਵੇਲੇ ਭਾਰਤੀ ਹਵਾਈ ਫੌਜ ਕੋਲ ਮਿਗ-21 ਬਾਇਸਨ ਦੇ ਲਗਭਗ ਛੇ ਸਕੁਐਡਰਨ ਹਨ ਅਤੇ ਇੱਕ ਸਕੁਐਡਰਨ ਵਿੱਚ ਲਗਭਗ 18 ਜਹਾਜ਼ ਸ਼ਾਮਲ ਹਨ।