ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਹਰਿਆਣਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਐਸਡੀਐਮ ਜਿਸ ਨੇ ਕਿਸਾਨਾਂ ਦਾ ਸਿਰ ਪਾੜਨ ਦਾ ਆਦੇਸ਼ ਦਿੱਤਾ ਸੀ ਉਸ ਵਿਰੁੱਧ ਤੁਰੰਤ ਕੇਸ ਦਰਜ ਕੀਤਾ ਜਾਵੇ, ਤਾਂ ਜੋ ਅਜਿਹੇ ਅਧਿਕਾਰੀਆਂ ਨੂੰ ਸਬਕ ਮਿਲ ਸਕੇ।
ਚਢੂਨੀ ਐਤਵਾਰ ਨੂੰ ਐਮਕੇਡੀ ਫਰੰਟ ਦੁਆਰਾ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਪਹੁੰਚੇ ਸਨ। ਹਰਿਆਣਾ ਵਿੱਚ ਲਾਠੀਚਾਰਜ ਦੌਰਾਨ ਲਾਠੀਆਂ ਚਲਾਉਂਦੇ ਇੱਕ ਪੁਲਿਸ ਮੁਲਾਜ਼ਮ ਦੇ ਵੀਡੀਓ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਇਹ ਨੌਜਵਾਨ ਹਰਿਆਣਾ ਵਿੱਚ ਜੇਜੇਪੀ ਵਿਧਾਇਕ ਦਾ ਭਤੀਜਾ ਹੈ ਅਤੇ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸਰਕਾਰ ਨੂੰ ਲਿਖਣਗੇ।
ਦੂਜੇ ਪਾਸੇ ਮਨੋਹਰ ਸਰਕਾਰ ਦੀ ਤਰਫੋਂ ਲਾਠੀਚਾਰਜ ਨੂੰ ਜਾਇਜ਼ ਠਹਿਰਾਉਣ ਦੇ ਮੁੱਦੇ ‘ਤੇ ਚਢੂਨੀ ਨੇ ਕਿਹਾ ਕਿ ਸਰਕਾਰ ਦਾ ਸੰਤੁਲਨ ਵਿਗੜ ਚੁੱਕਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ, ਪਰ ਇਸ ਗੰਭੀਰ ਮੁੱਦੇ ‘ਤੇ ਸੋਮਵਾਰ ਨੂੰ ਕਿਸਾਨ ਯੂਨੀਅਨ ਦੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਵਹਿਸ਼ੀਪੁਣੇ ਨੂੰ ਲੈ ਕੇ ਤਿੱਖੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ। ਅਗਲਾ ਸੰਘਰਸ਼ ਕਿਸ ਤਰ੍ਹਾਂ ਦਾ ਹੋਵੇਗਾ ਇਸ ਦੀ ਰੂਪਰੇਖਾ ਮੀਟਿੰਗ ਤੋਂ ਬਾਅਦ ਦੱਸੀ ਜਾਵੇਗੀ। ਇੱਕ ਗੱਲ ਸਪੱਸ਼ਟ ਹੈ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ ਹਟਣਗੇ। ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ : SKM ਦੇ ਆਗੂ ਕੱਲ੍ਹ ਆਉਣਗੇ ਕਰਨਾਲ- ਰਾਕੇਸ਼ ਟਿਕੈਤ ਪਹੁੰਚੇ ਜ਼ਖਮੀ ਕਿਸਾਨਾਂ ਨੂੰ ਮਿਲਣ, ਕਿਹਾ-ਇਥੋਂ ਹੀ ਤੈਅ ਹੋਵੇਗੀ ਅਗਲੀ ਰਣਨੀਤੀ
ਕਿਸਾਨ ਆਗੂ ਚਢੂਨੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਚੋਣ ਨਹੀਂ ਲੜਨਾ ਚਾਹੁੰਦੇ। ਉਨ੍ਹਾਂ ਦਾ ਉਦੇਸ਼ ਸਿਰਫ ਕਿਸਾਨਾਂ ਦੇ ਹੱਕ ਵਿੱਚ ਖੜ੍ਹੀਆਂ ਪਾਰਟੀਆਂ ਨੂੰ ਇੱਕਜੁਟ ਕਰਨਾ ਅਤੇ ਉਨ੍ਹਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ, ਤਾਂ ਜੋ ਸਰਕਾਰਾਂ ਨੂੰ ਸਬਕ ਸਿਖਾਇਆ ਜਾ ਸਕੇ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵਪਾਰੀਆਂ ਦੀ ਬਣੀ ਇੱਕ ਰਾਜਨੀਤਿਕ ਪਾਰਟੀ ਨੇ ਚਢੂਨੀ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ, ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਸਰਗਰਮੀ ਨਾਲ ਚਢੂਨੀ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ। ਚਢੂਨੀ ਨੇ ਕਿਹਾ ਕਿ ਉਸ ਪਾਰਟੀ ਦੇ ਨੇਤਾਵਾਂ ਨੂੰ ਪਤਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਅਜਿਹਾ ਐਲਾਨ ਕੀਤਾ ਸੀ।