Find out how much the loss to : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਵਿਚ ਲੌਕਡਾਊਨ ਲਗਾਇਆ ਹੋਇਆ ਹੈ। 4 ਮਈ ਤੋਂ ਦੇਸ਼ ਵਿਚ ਲੌਕਡਾਊਨ ਦਾ ਤੀਸਰਾ ਪੜਾਅ ਸ਼ੁਰੂ ਹੋ ਚੁੱਕਾ ਹੈ। ਲੌਕਡਾਊਨ ਦੇ ਚੱਲਦਿਆਂ ਕਈ ਸੂਬਾ ਸਰਕਾਰਾਂ ਨੇ ਸ਼ਰਾਬ ਦੇ ਠੇਕੇ/ ਦੁਕਾਨਾਂ ਖੋਲ੍ਹਣ ਦੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ, ਕਿਉਂਕਿ ਇਕ ਤਾਂ ਕੋਰੋਨਾ ਸੰਕਟ ਕਰਕੇ ਸੂਬੇ ਉਂਝ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਹਨ, ਉਤੋਂ ਸ਼ਰਾਬ ਦੀ ਵਿਕਰੀ ਬੰਦ ਹੋਣ ਨਾਲ ਸੂਬਿਆਂ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਰਾਬ ਦੀ ਵਿਕਰੀ ਮੁੜ ਸ਼ੁਰੂ ਕਰਨ ਲਈ ਕਈ ਸੂਬੇ ਸ਼ਰਾਬ ਦੀ ਹੋਮ ਡਿਲਵਰੀ ਕਰਨ ਤੱਕ ਨੂੰ ਵੀ ਤਿਆਰ ਸਨ। ਦੇਸ਼ ਵਿਚ ਪਹਿਲੇ ਅਤੇ ਦੂਸਰੇ ਲੌਕਡਾਊਨ ਦੌਰਾਨ ਸ਼ਰਾਬ ਦੀ ਵਿਕਰੀ ਵੀ ਬੰਦ ਸੀ, ਜਿਸ ਕਾਰਨ ਰੋਜ਼ਾਨਾ ਲਗਭਗ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅੱਜ ਤੋਂ ਲੌਕਡਾਊਨ ਦੇ ਤੀਸਰੇ ਪੜਾਅ ਵਿਚ ਸ਼ਰਾਬ ਦੀਆਂ ਕੁਝ ਦੁਕਾਨਾਂ ਖੁੱਲ੍ਹ ਰਹੀਆਂ ਹਨ, ਜਿਸ ਨਾਲ ਇਕ ਵਾਰ ਫਿਰ ਸ਼ਰਾਬ ਤੋਂ ਹੋਣ ਵਾਲੀ ਆਮਦਨ ਮੁੜ ਸ਼ੁਰੂ ਹੋ ਸਕੇਗੀ ਤੇ ਸੂਬਿਆਂ ਨੂੰ ਆਰਥਿਕ ਪੱਖੋਂ ਕੁਝ ਰਾਹਤ ਮਿਲੇਗੀ।
ਅਸਲ ਵਿਚ ਕਈ ਸੂਬਿਆਂ ਦੀ 15 ਤੋਂ 30 ਫੀਸਦੀ ਆਮਦਨ ਸ਼ਰਾਬ ਤੋਂ ਹੀ ਹੁੰਦੀ ਹੈ। ਸ਼ਰਾਬ ਨਾਲ ਸੂਬਿਆਂ ਨੂੰ 2019 ਵਿਚ ਲਗਭਗ 2.48 ਲੱਖ ਕਰੋੜ ਰੁਪਏ, 2018 ਵਿਚ 2.17 ਲੱਖ ਕਰੋੜ ਰੁਪਏ ਅਤੇ 2017 ਵਿਚ 1.99 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਸੀ। ਮਤਲਬ 2019 ਦੇ ਅੰਕੜਿਆਂ ਦੇ ਹਿਸਾਬ ਨਾਲ ਲੌਕਡਾਊਨ ਦੇ ਪਹਿਲੇ ਅਤੇ ਦੂਸਰੇ ਪੜਾਅ ਵਿਚ 40 ਦਿਨਾਂ ਦੌਰਾਨ ਸੂਬਿਆਂ ਨੂੰ ਸ਼ਰਾਬ ਤੋਂ ਔਸਤਨ ਲਗਭਗ 27 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਲੌਕਡਾਊਨ ਵਿਚ ਇਕ ਦਿਨ ’ਚ ਸੂਬਿਆਂ ਨੂੰ ਔਸਤਨ 679 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।