Firing on Sodhal Road in Jalandhar : ਜਲੰਧਰ ਸ਼ਹਿਰ ਵਿੱਚ ਸੋਢਲ ਰੋਡ ’ਤੇ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਪੀਪੀਆਰ ਮਾਰਕੀਟ ਵਿੱਚ ਅੱਜ ਦੁਪਹਿਰ ਕੁਝ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਫਾਇਰਿੰਗ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 40 ਸਾਲਾ ਗੁਰਮੀਤ ਸਿੰਘ ਟਿੰਕੂ ਵਜੋਂ ਹੋਈ ਹੈ। ਘਟਨਾ ਦੀ ਸੂਚੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਟੀਮ ਜਾਂਚ ਵਿਚ ਲੱਗ ਗਈ ਹੈ ਅਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਤੋਂ ਛੇ ਨਕਾਬਪੋਸ਼ ਅਚਾਨਕ ਸ਼ਨੀਵਾਰ ਦੁਪਹਿਰ ਨੂੰ ਪੀਪੀਆਰ ਮਾਰਕੀਟ ਵਿੱਚ ਸਥਿਤ ਬਾਬ ਪੀਵੀਸੀ ਦੁਕਾਨ ਵਿੱਚ ਅਚਾਨਕ ਦਾਖਲ ਹੋਏ। ਉਸਦਾ ਇਕ ਸਾਥੀ ਦੁਕਾਨ ਦੇ ਬਾਹਰ ਕਾਰ ਵਿਚ ਰੁਕਿਆ ਰਿਹਾ। ਦੁਕਾਨ ਅੰਦਰ ਦਾਖਲ ਹੁੰਦੇ ਹੀ ਹਮਲਾਵਰਾਂ ਨੇ ਮਾਲਕ ਗੁਰਮੀਤ ਸਿੰਘ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਕੁਲ ਸੱਤ ਰਾਊਂਡ ਫਾਇਰ ਕੀਤੇ, ਜਿਸ ਕਾਰਨ ਗੁਰਮੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਦੁਕਾਨ ਵਿੱਚ ਕੰਮ ਕਰਦੀ ਰਿਤੂ ਨਾਮ ਦੀ ਲੜਕੀ ਵੀ ਜ਼ਖਮੀ ਹੋ ਗਈ। ਘਟਨਾ ਤੋਂ ਬਾਅਦ ਹਮਲਾਵਰ ਮੌਕਾ ਪਾ ਕੇ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਏਸੀਪੀ ਸੁਖਜਿੰਦਰ, ਡੀਸੀਪੀ ਗੁਰਮੀਤ ਸਿੰਘ ਨੇ ਵੀ ਮੌਕੇ ਦਾ ਜਾਇਜ਼ਾ ਲਿਆ ਅਤੇ ਮੁਲਜ਼ਮਾਂ ਨੂੰ ਜਲਦੀ ਫੜਨ ਦੀ ਗੱਲ ਕਹੀ। ਹਾਲਾਂਕਿ ਘਟਨਾ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ, ਪਰ ਮੁੱਢਲੀ ਜਾਂਚ ਵਿਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ।