ਜਲੰਧਰ ਵਿੱਚ ਦਿੱਲੀ-ਪਾਨੀਪਤ ਵੱਲ ਜਾਣ ਵਾਲਾ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ਵੀ ਤੀਜੇ ਦਿਨ ਵੀ ਜਾਮ ਰਿਹਾ। ਸ਼ਨੀਵਾਰ ਰਾਤ ਨੂੰ ਮੀਂਹ ਤੋਂ ਬਾਅਦ, ਹਾਈਵੇਅ ‘ਤੇ ਟੈਂਟ ਵਿੱਚ ਪਾਣੀ ਵੜ ਗਿਆ ਅਤੇ ਹੁਣ ਵੀ ਮੀਂਹ ਦੌਰਾਨ ਵੀ ਕਿਸਾਨ ਮੋਰਚੇ ‘ਤੇ ਡਟੇ ਹੋਏ ਹਨ। ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਪੰਜਾਬ ਭਵਨ, ਚੰਡੀਗੜ੍ਹ ਵਿਖੇ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਜਲੰਧਰ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਨਜੀਤ ਸਿੰਘ ਰਾਏ ਵੀ ਹਾਜ਼ਰ ਹਨ।
ਗੰਨੇ ਦੀ ਕੀਮਤ ਦੇ ਸਬੰਧ ਵਿੱਚ ਪਹਿਲੇ ਗੇੜ ਦੀ ਮੀਟਿੰਗ ਹੋਈ। ਹਾਲਾਂਕਿ, ਇਸ ਬਾਰੇ ਸਰਕਾਰ ਅਤੇ ਕਿਸਾਨਾਂ ਵਿੱਚ ਕੋਈ ਸਹਿਮਤੀ ਨਹੀਂ ਬਣੀ। ਕਿਸਾਨ 400 ਰੁਪਏ ਪ੍ਰਤੀ ਕੁਇੰਟਲ ਦੇ ਰੇਟ ‘ਤੇ ਅੜੇ ਹੋਏ ਹਨ। ਮੰਤਰੀ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਹੁਣ ਸਹਿਕਾਰੀ ਅਤੇ ਪ੍ਰਾਈਵੇਟ ਮਿੱਲਾਂ ਵੱਲ 200 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਜਾਮ ਖੋਲ੍ਹ ਦਿੱਤਾ ਜਾਵੇਗਾ। ਮੀਟਿੰਗ ਖ਼ਤਮ ਹੋਣ ਤੋਂ ਬਾਅਦ, ਜਾਮ ਹਟਾਉਣ ਬਾਰੇ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਟਾਰੀ ਬਾਰਡਰ ‘ਤੇ ਖਾਸ ਰਿਹਾ ਰੱਖੜੀ ਦਾ ਤਿਉਹਾਰ- 2 ਫੁੱਟ ਤਿਰੰਗੇ ਵਾਲੀ ਰੱਖੜੀ ਬੰਨ੍ਹਵਾ ਕੇ ਖਿੜੇ ਜਵਾਨਾਂ ਦੇ ਚਿਹਰੇ
ਕਿਸਾਨ ਆਗੂਆਂ ਵੱਲੋਂ ਇਸ ਮੀਟਿੰਗ ਵਿੱਚ ਸਰਕਾਰ ਤੋਂ ਗੰਨੇ ਦੇ 400 ਰੁਪਏ ਪ੍ਰਤੀ ਕੁਇੰਟਲ ਅਤੇ ਕਿਸਾਨਾਂ ਦੀਆਂ ਨਿੱਜੀ ਅਤੇ ਸਹਿਕਾਰੀ ਮਿੱਲਾਂ ਨੂੰ 200 ਕਰੋੜ ਰੁਪਏ ਦਾ ਬਕਾਇਆ ਦੇਣ ਦੀ ਮੰਗ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਹਿਕਾਰਤਾ ਮੰਤਰੀ ਤੇ ਕਿਸਾਨ ਆਗੂਆਂ ਵਿੱਚ ਅੱਜ ਹੋ ਰਹੀ ਇਸ ਮੀਟਿੰਗ ਵਿੱਚ ਇਹ ਮੁੱਦਾ ਹੱਲ ਹੋਵੇਗਾ ਅਤੇ ਕਿਸਾਨਾਂ ਵੱਲੋਂ ਜਾਮ ਖੋਲ੍ਹ ਦਿੱਤਾ ਜਾਵੇਗਾ।