ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਕਰਕੇ ਬੁੱਧਵਾਰ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਜ਼ੀਰਾ ਨੇੜੇ ਮੋਗਾ-ਅੰਮ੍ਰਿਤਸਰ ਰੋਡ ‘ਤੇ ਪਿੰਡ ਅਮਰਗੜ੍ਹ ਬੰਦੀਆਂ ਕੋਲ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਕ ਸਵਿਫਟ ਗੱਡੀ ਦੀ ਰੋਡਵੇਜ਼ ਦੀ ਬੱਸ ਨਾਲ ਇੰਨੀ ਜ਼ਬਰਦਸਤ ਟੱਕਰ ਹੋਈ ਕਿ ਗੱਡੀ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਹਾਦਸਾਗ੍ਰਸਤ ਪਰਿਵਾਰ ਅੰਮ੍ਰਿਤਸਰ ਦੇ ਕਸਬਾ ਤਰਨਤਾਰਨ ਦੇ ਪਿੰਡ ਪੱਟੀ ਦਾ ਦੱਸਿਆ ਜਾ ਰਿਹਾ ਹੈ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਪਰਿਵਾਰ ਦੇ 5 ਮੈਂਬਰ ਸਵਿਫਟ ਕਾਰ ਨੰਬਰ ਪੀਬੀ13 ਬੀਸੀ 1964 ਵਿੱਚ ਲੁਧਿਆਣਾ ਤੋਂ ਪੱਟੀ ਜਾ ਰਹੇ ਸਨ। ਜਿਵੇਂ ਹੀ ਕਾਰ ਲਾਹੌਰੀਆ ਢਾਬੇ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਪੂਰੀ ਤਰ੍ਹਾਂ ਨਾਲ ਪਿਚਕ ਗਈ। ਜਿਸ ਕਾਰਨ ਕਾਰ ‘ਚ ਸਵਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਰ ਸਿੱਧੀ ਕੀਤੀ ਅਤੇ ਲਾਸ਼ਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਹਾਦਸੇ ਨੂੰ ਦੇਖਣ ਵਾਲਿਆਂ ਨੇ ਦੱਸਿਆ ਕਿ ਇੱਕ ਪਾਸੇ ਸੰਘਣੀ ਧੁੰਦ ਸੀ ਅਤੇ ਦੂਜੇ ਪਾਸੇ ਬੱਸ ਅਤੇ ਕਾਰ ਦੋਵਾਂ ਦੀ ਰਫ਼ਤਾਰ ਵੀ ਤੇਜ਼ ਸੀ। ਇਲਾਕਾ ਨਿਵਾਸੀਆਂ ਨੂੰ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਸ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।