ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਓਮ ਪ੍ਰਕਾਸ਼ ਚੌਟਾਲਾ ਨੇ 86 ਸਾਲ ਦੀ ਉਮਰ ਵਿੱਚ 10ਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੇ ਕੇ ‘ਕੰਪਾਰਟਮੈਂਟ’ ਕਲੀਅਰ ਕਰ ਹੀ ਲਈ ਹੈ ਅਤੇ ਉਹ ਪਾਸ ਹੋ ਗਏ।
ਚੌਟਾਲਾ ਨੇ ਬੀਤੀ 18 ਅਗਸਤ ਨੂੰ ਸਿਰਸਾ ਵਿੱਚ ਬਣੇ ਪ੍ਰੀਖਿਆ ਕੇਂਦਰ ਵਿੱਚ ਪੇਪਰ ਦਿੱਤਾ ਸੀ। ਉਥੇ ਸੈਂਟਰ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। 86 ਸਾਲਾ ਓਮ ਪ੍ਰਕਾਸ਼ ਚੌਟਾਲਾ ਦਿਵਿਆਂਗ ਹਨ ਅਤੇ ਲਿਖਣ ਵਿੱਚ ਅਸਮਰੱਥ ਹਨ, ਇਸ ਲਈ ਬੋਰਡ ਵੱਲੋਂ ਉਨ੍ਹਾਂ ਨੂੰ ਪੇਪਰ ਲਿਖਣ ਲਈ ਰਾਈਟਰ ਮੁਹੱਈਆ ਕਰਵਾਇਆ ਗਿਆ ਸੀ।
ਹਰਿਆਣਾ ਬੋਰਡ ਆਫ਼ ਸਕੂਲ ਐਜੂਕੇਸ਼ਨ ਵੱਲੋਂ ਅੱਜ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਗਿਆ, ਜਿਸ ਸਾਬਕਾ ਮੁੱਖ ਮੰਤਰੀ ਚੌਟਾਲਾ ਪਾਸ ਹੋ ਗਏ। ਚੌਟਾਲਾ ਨੇ 100 ਵਿੱਚੋਂ 88 ਨੰਬਰ ਪ੍ਰਾਪਤ ਕੀਤੇ ਹਨ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਪਿਛਲੇ ਸਾਲ 12ਵੀਂ ਜਮਾਤ ਲਈ ਓਪਨ ਸਕੂਲ ਵਿੱਚ ਦਾਖ਼ਲਾ ਲਿਆ ਸੀ ਪਰ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਰਕੇ ਇਮਤਿਹਾਨ ਹੀ ਨਹੀਂ ਹੋਏ ਸਨ।
ਹਾਲਾਂਕਿ ਚੌਟਾਲਾ ਨੇ 12ਵੀਂ ਵੀ ਪਾਸ ਕਰ ਲਈ ਹੈ ਪਰ 10ਵੀਂ ਜਮਾਤ ਦਾ ਅੰਗਰੇਜ਼ੀ ਦੀ ਕੰਪਾਰਟਮੈਂਟ ਕਲੀਅਰ ਨਾ ਹੋਣ ਕਰਕੇ ਉਨ੍ਹਾਂ ਦਾ 12ਵੀਂ ਦਾ ਨਤੀਜਾ ਰੋਕਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ 80 ਅਧਿਆਪਕਾਂ ਦਾ ਕੱਲ੍ਹ ਹੋਵੇਗਾ ਸਨਮਾਨ, ਮਿਲਣਗੇ ਸਟੇਟ ਟੀਚਰਜ਼ ਐਵਾਰਡ, ਦੇਖੋ ਲਿਸਟ
ਦੱਸ ਦੇਈਏ ਕਿ ਓਮਪ੍ਰਕਾਸ਼ ਚੌਟਾਲਾ ਹਰਿਆਣਾ ਦੇ ਜੇਬੀਟੀ ਅਧਿਆਪਕ ਭਰਤੀ ਘੁਟਾਲੇ ਵਿੱਚ ਸਜ਼ਾ ਭੁਗਤ ਰਹੇ ਸਨ। ਹਾਲ ਹੀ ਵਿੱਚ ਉਹ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆਏ ਹਨ। ਉਦੋਂ ਤੋਂ ਉਹ ਸੂਬੇ ਵਿੱਚ ਰਾਜਨੀਤਿਕ ਪਕੜ ਮਜ਼ਬੂਤ ਕਰਨ ਵਿੱਚ ਰੁਝੇ ਹੋਏ ਹੈ। ਹਾਲਾਂਕਿ, ਉਨ੍ਹਾਂ ਦੀ ਪਾਰਟੀ ਜੋ ਕਦੇ ਹਰਿਆਣਾ ਦੀ ਰਾਜਨੀਤੀ ਦਾ ਦੂਜਾ ਨਾਂ ਅਖਵਾਉਂਦੀ ਸੀ, ਅੱਜਕੱਲ੍ਹ ਬਹੁਤ ਕਮਜ਼ੋਰ ਹੋ ਗਈ ਹੈ। ਆਪਣੇ ਛੋਟੇ ਬੇਟੇ ਅਭੈ ਚੌਟਾਲਾ ਦੇ ਅਸਤੀਫੇ ਤੋਂ ਬਾਅਦ ਇਨੈਲੋ ਦਾ ਵਿਧਾਨ ਸਭਾ ਵਿੱਚ ਕੋਈ ਵਿਧਾਇਕ ਨਹੀਂ ਬਚਿਆ। ਇਸ ਦੇ ਨਾਲ ਹੀ ਵੱਡੇ ਬੇਟੇ ਅਜੈ ਚੌਟਾਲਾ ਨੇ ਜਨਨਾਇਕ ਜਨਤਾ ਪਾਰਟੀ ਦੇ ਨਾਂ ਤੇ ਇੱਕ ਨਵੀਂ ਪਾਰਟੀ ਬਣਾ ਕੇ ਪਹਿਲਾਂ ਹੀ ਵੱਖ ਹੋ ਗਏ ਹਨ।