ਹਰਿਮੰਦਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਅਤੇ ਜੂਠੀਆਂ ਰੋਟੀਆਂ ਦੀ ਨਿਲਾਮੀ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਲਾਇੰਗ ਸਕੁਐਡ ਜਾਂਚ ਕਰ ਰਿਹਾ ਹੈ। ਦੱਸ ਦਈਏ ਕਿ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਅਤੇ ਜੂਠੀਆਂ ਰੋਟੀਆਂ ਦੀ ਨਿਲਾਮੀ ‘ਚ ਇਹ ਘਪਲਾ ਹੋਇਆ ਸੀ।
ਜਦੋਂ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਸਕੁਐਡ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਸੁੱਕੀਆਂ ਤੇ ਜੂਠੀਆਂ ਰੋਟੀਆਂ ਤੋਂ ਇਲਾਵਾ ਸਫ਼ਾਈ ਤੋਂ ਬਾਅਦ ਬਚੀ ਸਮੱਗਰੀ ਤੇ ਝੋਨੇ ਆਦਿ ਦੀ ਵਿਕਰੀ ਵਿੱਚ 62 ਲੱਖ ਰੁਪਏ ਦੀ ਗੜਬੜੀ ਸਾਹਮਣੇ ਆਈ ਸੀ ਪਰ ਹੁਣ ਇਹ ਘਪਲਾ ਇੱਕ ਕਰੋੜ ਤੋਂ ਉਪਰ ਪਹੁੰਚ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਉੱਡਣ ਦਸਤੇ ਵੱਲੋਂ ਡੇਢ ਦਰਜਨ ਦੇ ਕਰੀਬ ਮੈਨੇਜਰਾਂ, ਸਟੋਰਕੀਪਰਾਂ, ਸੁਪਰਵਾਈਜ਼ਰਾਂ ਅਤੇ ਇੰਸਪੈਕਟਰਾਂ ਨੂੰ ਇਸ ਘਪਲੇ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇੱਕ ਰਿਪੋਰਟ ਮੁਤਾਬਕ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਮੇਤ ਤਿੰਨ ਸੇਵਾਮੁਕਤ ਮੈਨੇਜਰਾਂ ਦੇ ਨਾਂ ਵੀ ਇਸ ਘੁਟਾਲੇ ਵਿੱਚ ਸਾਹਮਣੇ ਆਏ ਹਨ। ਸ਼੍ਰੋਮਣੀ ਕਮੇਟੀ ਦੇ ਫਲਾਇੰਗ ਸਕੁਐਡ ਨੇ ਹੁਣ ਦੋਸ਼ੀ ਅਧਿਕਾਰੀਆਂ ਤੋਂ ਘਪਲੇ ਦੀ ਰਕਮ ਵਸੂਲ ਕਰਨ ਲਈ ਕਿਹਾ ਹੈ।
ਫਲਾਇੰਗ ਸਕੁਐਡ ਵਿੱਚੋਂ ਦੋ ਸਟੋਰਕੀਪਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਤੋਂ ਵਸੂਲੀ ਦੇ ਵੀ ਹੁਕਮ ਦਿੱਤੇ ਗਏ ਹਨ। ਹੁਣ ਹੌਲੀ-ਹੌਲੀ ਇਸ ਮਾਮਲੇ ‘ਚ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਮੈਨੇਜਰ ਸਣੇ ਕੁਝ ਮੁਲਾਜ਼ਮ ਆਪਣੇ ਆਪ ਨੂੰ ਬੇਕਸੂਰ ਦੱਸ ਕੇ ਪੈਸੇ ਦੇਣ ਤੋਂ ਇਨਕਾਰ ਕਰ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸਤਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਘਪਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਅਧਿਕਾਰੀ ਤੇ ਕਰਮਚਾਰੀ ਇਸ ਲਈ ਜ਼ਿੰਮੇਵਾਰ ਹੋਵੇਗਾ, ਉਸ ਤੋਂ ਹਰਜਾਨਾ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਉਸਾਰੀ ਅਧੀਨ ਇਮਾਰਤ ਦੀ ਡਿੱਗੀ ਸ਼ਟਰਿੰਗ, ਕਈ ਮਜ਼ਦੂਰ ਦੱਬੇ, ਤੀਜੀ ਮੰਜ਼ਿਲ ਦੀ ਸੀ ਤਿਆਰੀ
ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਰੋਜ਼ਾਨਾ ਵੱਡੀ ਮਾਤਰਾ ਵਿੱਚ ਰੋਟੀਆਂ ਬਚ ਜਾਂਦੀਆਂ ਹਨ। ਇਨ੍ਹਾਂ ਨੂੰ ਇਕ ਥਾਂ ‘ਤੇ ਸਟੋਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਵਿਕਰੀ ਲਈ ਟੈਂਡਰ ਮੰਗੇ ਜਾਂਦੇ ਹਨ। ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲੀਭੁਗਤ ਨਾਲ ਤੈਅ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰਕੇ ਟੈਂਡਰ ਦਿੱਤੇ ਅਤੇ ਟੈਂਡਰਾਂ ਵਿੱਚ ਹੇਰਾਫੇਰੀ ਕਰਕੇ ਜ਼ਿਆਦਾ ਦੱਸ ਕੇ ਰਕਮ ਹੜੱਪ ਲਈ ਗਈ।
ਵੀਡੀਓ ਲਈ ਕਲਿੱਕ ਕਰੋ -: