ਅੰਮ੍ਰਿਤਸਰ ਸ਼ਹਿਰ ਵਿੱਚ ਯਾਤਰੀਆਂ ਦੀ ਚੌਕਸੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਜੋੜਾ ਫਾਟਕ ‘ਤੇ ਹੋਏ ਰੇਲ ਹਾਦਸੇ ਤੋਂ ਅਜੇ ਵੀ ਰੇਲਵੇ ਨੇ ਕੋਈ ਸਬਕ ਨਹੀਂ ਸਿੱਖਿਆ। ਐਤਵਾਰ ਸਵੇਰੇ 5.30 ਵਜੇ ਟ੍ਰੇਨ ਇਕ ਵਾਰ ਫਿਰ ਖੁੱਲ੍ਹੇ ਫਾਟਕ ‘ਤੇ ਪਹੁੰਚੀ ਅਤੇ ਗੇਟਮੈਨ ਸੁੱਤਾ ਰਿਹਾ। ਜਦੋਂ ਲੋਕਾਂ ਨੇ ਗੇਟਮੈਨ ਨੂੰ ਉਠਾਇਆ ਤਾਂ ਉਸਨੇ ਕਾਹਲੀ-ਕਾਹਲੀ ਵਿੱਚ ਫਾਟਕ ਬੰਦ ਕਰ ਦਿੱਤਾ ਅਤੇ ਟ੍ਰੇਨ ਭੇਜ ਦਿੱਤੀ।
ਜਲੰਧਰ ਤੋਂ ਆ ਰਹੀ ਰੇਲ ਗੱਡੀ ਐਤਵਾਰ ਸਵੇਰੇ ਜੋੜਾ ਫਾਟਕ ਪਹੁੰਚੀ, ਪਰ ਗੇਟਮੈਨ ਨੇ ਫਾਟਕ ਬੰਦ ਨਹੀਂ ਕੀਤਾ। ਜਦੋਂ ਲੋਕਾਂ ਨੇ ਗੇਟਮੈਨ ਦੇ ਕਮਰੇ ਵਿੱਚ ਦੇਖਿਆ, ਉਹ ਸੁੱਤਾ ਪਿਆ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਉਠਾਇਆ ਤਾਂ ਉਸਨੇ ਜਲਦੀ ਨਾਲ ਗੇਟ ਬੰਦ ਕਰ ਦਿੱਤਾ। ਜਦੋਂ ਲੋਕਾਂ ਨੇ ਉਸਨੂੰ ਝਾੜ ਲਾਈ ਤਾਂ ਉਸਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਕਈ ਵਾਰ ਕਿਹਾ ਕਿ ਟ੍ਰੇਨ ਨਹੀਂ ਆਵੇਗੀ ਅਤੇ ਕਈ ਵਾਰ ਕਿਹਾ ਕਿ ਫਾਟਕ ਖਰਾਬ ਹੈ। ਲੋਕਾਂ ਨੇ ਰੇਲਵੇ ਤੋਂ ਮੰਗ ਕੀਤੀ ਹੈ ਕਿ ਰੇਲਵੇ ਫਾਟਕਾਂ ‘ਤੇ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਜਾਣ।
ਤੁਹਾਨੂੰ ਦੱਸ ਦੇਈਏ ਕਿ 1 ਸਤੰਬਰ ਨੂੰ ਤਿੰਨ ਟ੍ਰੇਨਾਂ ਜੋਡਾ ਫਾਟਕ ਦੇ ਖੁੱਲ੍ਹੇ ਗੇਟ ਤੋਂ ਲੰਘੀਆਂ ਸਨ। ਫਿਰ ਵੀ ਗੇਟਮੈਨ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉੱਥੇ ਪਹੁੰਚੇ ਮੀਡੀਆ ਕਰਮਚਾਰੀਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਕੀਤੀ ਗਈ ਅਤੇ ਗੇਟਮੈਨ ਨੂੰ ਫਿਰੋਜ਼ਪੁਰ ਡਿਵੀਜ਼ਨ ਵਿੱਚ ਵੀ ਬੁਲਾਇਆ ਗਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਉਹੀ ਜੋੜਾ ਫਾਟਕ ਹੈ ਜਿਥੇ 2018 ਵਿੱਚ ਦੁਸਹਿਰੇ ਵਾਲੇ ਦਿਨ 59 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
ਇਹ ਵੀ ਪੜ੍ਹੋ : ਭਾਰਤ ਬੰਦ ‘ਤੇ ਪੰਜਾਬ ਪੁਲਿਸ ਅਲਰਟ- ਜੇ ਘਰੋਂ ਨਿਕਲਣਾ ਹੀ ਪਏ ਤਾਂ ਇਨ੍ਹਾਂ ਰੂਟਾਂ ਤੋਂ ਨਾ ਜਾਵੋ, ਜਾਣੋ ਸੂਬੇ ‘ਚ ਕਿੱਥੇ-ਕਿੱਥੇ ਹੋਣਗੇ ਮੁਜ਼ਾਹਰੇ