ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਘਮਾਸਾਨ ਨੂੰ ਹੱਲ ਕਰਨ ਲਈ ਹਾਈਕਮਾਨ ਦੀ ਕਮੇਟੀ ਮੰਤਰੀਆਂ, ਵਿਧਾਇਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਕਰ ਰਹੀ ਹੈ। ਜਿਸ ਵਿੱਚ ਬੀਤੇ ਦਿਨ ਸੁਨੀਲ ਜਾਖੜ ਸਣੇ 25 ਮੰਤਰੀਆਂ ਤੇ ਵਿਧਾਇਕਾਂ ਨੂੰ ਬੁਲਾਇਆ ਗਿਆ। ਇਸ ਵਿੱਚ ਸ਼ਾਮਲ ਹੋਏ ਸੰਗਤ ਸਿੰਘ ਗਿਲਜੀਆਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਗਿਲਜੀਆਂ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਨਾਲ ਪੰਜਾਬ ਤੇ ਪੰਜਾਬੀਅਤ ਜਿੱਤੇਗੀ ਤਾਂ ਫਿਰ ਉਨ੍ਹਾਂ ਨੂੰ ਪ੍ਰਧਾਨਗੀ ਦੇ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿੱਚ ਗਲਤ ਕੀ ਹੈ।
ਗਿਲਜੀਆਂ ਨੇ ਅੱਗੇ ਕਿਹਾ ਕਿ ਅਸੀਂ ਜੋ ਵਾਅਦੇ ਕੀਤੇ ਸਨ ਉਹ ਅੱਜ ਤੱਕ ਪੂਰੇ ਨਹੀਂ ਹੋਏ, ਇਸ ਵਿੱਚ ਸਾਡੀ ਗਲਤੀ ਹੈ। ਮੈਂ ਆਪਣੀਆਂ ਇਨ੍ਹਾਂ ਗਲਤੀਆਂ ਨੂੰ ਹੀ ਪਾਰਟੀ ਹਾਈਕਮਾਨ ਦੇ ਸਾਹਮਣੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਅਸੀਂ ਪੂਰਾ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਪਏ ਕਲੇਸ਼ ‘ਤੇ ਹੋਈ ਸੁਣਵਾਈ, ਦਿੱਲੀ ‘ਚ ਕਮੇਟੀ ਨੂੰ 25 ਆਗੂਆਂ ਨੇ ਮਿਲ ਕੇ ਦੱਸੇ ਕੈਪਟਨ ਖਿਲਾਫ ਗਿਲੇ-ਸ਼ਿਕਵੇ
ਇਸ ਤੋਂ ਇਲਾਵਾ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ, ਉਹ ਵੀ ਪੂਰਾ ਨਹੀਂ ਹੋਇਆ। ਸਾਡੀ ਸਰਕਾਰ ਵਿੱਚ ਓਬੀਸੀ ਸ਼੍ਰੇਣੀ ਨੂੰ ਮੰਤਰੀ ਮੰਡਲ ਵਿਚ ਢੁਕਵਾਂ ਸਥਾਨ ਨਹੀਂ ਦਿੱਤਾ ਗਿਆ, ਇਹ ਸਾਡੀ ਗਲਤੀ ਵੀ ਸੀ। ਹੁਣ ਜੇ ਪਾਰਟੀ ਹਾਈਕਮਾਨ ਨੇ ਜੇਕਰ ਡੈਮੇਜ ਕੰਟਰੋਲ ਕਰਨਾ ਹੈ ਤਾਂ ਛੇਤੀ ਹੀ ਇੱਕ ਵੱਡਾ ਫੈਸਲਾ ਲੈਣਾ ਪਏਗਾ।
ਇਹ ਵੀ ਪੜ੍ਹੋ : ਕਮੇਟੀ ਨੂੰ ਮਿਲਣ ਦਿੱਲੀ ਪਹੁੰਚੇ ਸਿੱਧੂ, ਕਿਹਾ-ਪੰਜਾਬੀਆਂ ਦੀ ਆਵਾਜ਼ ਪਹੁੰਚਾਈ ਹਾਈਕਮਾਨ ਤੱਕ
ਦੱਸਣਯੋਗ ਹੈ ਕਿ ਅੱਜ ਹੁਣ ਮੰਗਲਵਾਰ ਨੂੰ ਕਮੇਟੀ ਨਵਜੋਤ ਸਿੰਘ ਸਿੱਧੂ, ਕਾਂਗਰਸ ਨੇਤਾ ਪਰਗਟ ਸਿੰਘ ਅਤੇ ਹੋਰ ਆਗੂਆਂ ਨੂੰ ਮਿਲੀ। ਕਮੇਟੀ ਵਿੱਚ ਮੱਲਿਕਾਰਜੁਨ ਖੜਗੇ, ਜੈਪ੍ਰਕਾਸ਼ ਅਗਰਵਾਲ ਅਤੇ ਹਰੀਸ਼ ਰਾਵਤ ਸ਼ਾਮਲ ਹਨ। ਇਨ੍ਹਾਂ ਨੇ ਫੀਡਬੈਕ ਮੀਟਿੰਗ ਨੂੰ 3 ਹਿੱਸਿਆਂ ਵਿੱਚ ਵੰਡਿਆ ਹੈ। ਇਕ ਹਿੱਸੇ ਵਿੱਚ ਮੰਤਰੀ ਅਤੇ ਵਿਧਾਇਕ ਹਨ, ਦੂਜੇ ਹਿੱਸੇ ਵਿਚ ਪਾਰਟੀ ਦੇ ਸੰਸਦ ਮੈਂਬਰ, ਰਾਜ ਸਭਾ ਮੈਂਬਰ ਅਤੇ ਸੂਬਾ ਪ੍ਰਧਾਨ ਹਨ ਅਤੇ ਤੀਜੇ ਪੜਾਅ ਵਿਚ ਕਮੇਟੀ ਮੁੱਖ ਮੰਤਰੀ ਨਾਲ ਗੱਲਬਾਤ ਕਰੇਗੀ।