ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾਂ ਬਿਊਟੀਸ਼ੀਅਨ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਉਸ ਦੇ ਸਰੀਰ ‘ਚ ਜ਼ਹਿਰ ਫੈਲ ਰਿਹਾ ਸੀ ਪਰ ਉਸ ਨੂੰ ਹਸਪਤਾਲ ਲਿਜਾਣ ‘ਚ ਇੰਨੀ ਦੇਰੀ ਹੋਈ ਕਿ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਮਿੰਦਰ ਕੌਰ ਵਾਸੀ ਬਾਬਰਪੁਰ (ਮਲੌਦ) ਵਜੋਂ ਹੋਈ ਹੈ।
ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਕੌਰ ਘਰ ਵਿੱਚ ਰੋਟੀ ਬਣਾ ਰਹੀ ਸੀ। ਮੀਂਹ ਪੈਣ ਲੱਗਾ ਤਾਂ ਉਹ ਘਰ ਦਾ ਸਮਾਨ ਢੱਕਣ ਲੱਗ ਪਈ, ਸਮਾਨ ਵਿਚਕਾਰ ਇੱਕ ਸੱਪ ਬੈਠਾ ਸੀ, ਜਿਸ ਨੇ ਹਰਮਿੰਦਰ ਦੀ ਲੱਤ ‘ਤੇ ਡੰਗ ਮਾਰ ਦਿੱਤਾ। ਹਰਮਿੰਦਰ ਨੇ ਸੱਪ ਨੂੰ ਜਾਂਦੇ ਦੇਖਿਆ ਅਤੇ ਰੌਲਾ ਪਾਇਆ।
ਜਦੋਂ ਹਰਮਿੰਦਰ ਕੌਰ ਨੂੰ ਸੱਪ ਨੇ ਡੰਗਿਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਕਈਆਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ, ਜਦੋਂ ਕਿ ਕੋਈ ਸਪੇਰੇ ਕੋਲ ਮਣਕਾ ਲਾਉਣ ਦਾ ਦਬਾਅ ਬਣਾਉਂਦਾ ਰਿਹਾ। ਪਰਿਵਾਰ ਦੁਚਿੱਤੀ ਵਿੱਚ ਸੀ। ਧੀ ਦੀ ਜਾਨ ਬਚਾਉਣਾ ਪਹਿਲਾ ਕੰਮ ਸੀ।
ਇਸ ਦੌਰਾਨ ਪਰਿਵਾਰਕ ਵਾਲੇ ਸਭ ਤੋਂ ਪਹਿਲਾਂ ਹਰਮਿੰਦਰ ਕੌਰ ਨੂੰ ਨਜ਼ਦੀਕੀ ਸਪੇਰੇ ਕੋਲ ਲੈ ਗਏ, ਜਿਸ ਦੇ ਮਣਕਾ ਲਾਉਣ ਮਗਰੋਂ ਵੀ ਹਰਮਿੰਦਰ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਫਿਰ ਇੱਕ ਕਲੀਨਿਕ ‘ਤੇ ਉਸ ਨੂੰ ਲਿਜਾਇਆ ਗਿਆ, ਉਥੇ ਵੀ ਡਾਕਟਰ ਨੇ ਜਵਾਬ ਦੇ ਦਿੱਤਾ। ਅਖੀਰ ਜਦੋਂ ਹਰਮਿੰਦਰ ਕੌਰ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੱਪੜਿਆਂ ਲਈ ਭਾਰਤ ਸਰਕਾਰ ਬਣਾਏਗੀ ‘ਇੰਡੀਆ ਸਾਈਜ਼’, ਹੁਣ ਤੱਕ ਯੂਕੇ-ਅਮਰੀਕੀ ਸਾਈਜ਼ ‘ਚ ਬਣਦੇ ਸੀ ਕੱਪੜੇ
ਖੰਨਾ ਸਿਵਲ ਹਸਪਤਾਲ ਦੇ ਐਮਡੀ (ਮੈਡੀਸਨ) ਡਾ: ਸ਼ਾਇਨੀ ਅਗਰਵਾਲ ਨੇ ਕਿਹਾ ਕਿ ਸੱਪ ਦੇ ਡੰਗਣ ‘ਤੇ ਇਲਾਜ ‘ਚ ਦੇਰੀ ਮੌਤ ਦਾ ਕਾਰਨ ਬਣਦੀ ਹੈ | ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਨੀਮ ਹਕੀਮ ਤੋਂ ਤੋਂ ਬਚਣ। ਪੀੜਤ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਓ। ਸਰਕਾਰੀ ਹਸਪਤਾਲਾਂ ਵਿੱਚ ਪੂਰੀਆਂ ਸਹੂਲਤਾਂ ਹਨ। ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾਂਦਾ ਹੈ, ਜਿਸ ਨਾਲ ਸੱਪਾਂ ਦੇ ਜ਼ਹਿਰ ਦਾ ਅਸਰ ਘੱਟ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: