Girl strangled to death : ਮੋਗਾ ਦੇ ਪਿੰਡ ਚੂੜਚੱਕ ਵਿੱਚ ਸੋਮਵਾਰ ਰਾਤ ਨੂੰ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪ੍ਰੇਮੀ ਨਾਲ ਮਿਲਣ ’ਤੇ ਪਿਤਾ ਨੇ ਆਪਣੀ ਨਾਬਾਲਗ ਲੜਕੀ ਦਾ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਲਾਸ਼ ਨੂੰ ਛੱਪੜ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਪਿਤਾ ਖੁਦ ਹੀ ਡਰਾਮਾ ਕਰਨ ਲੱਗਾ ਕਿ ਉਸ ਦੀ ਲੜਕੀ ਗਾਇਬ ਹੋ ਗਈ ਹੈ ਤੇ ਮਿਲ ਨਹੀਂ ਰਹੀ ਹੈ। ਸਵੇਰੇ ਲੜਕੀ ਦੀ ਲਾਸ਼ ਛੱਪੜ ’ਚੋਂ ਮਿਲਣ ’ਤੇ ਵੀ ਪਿਤਾ ਉਸੇ ਤਰ੍ਹਾਂ ਹੀ ਡਰਾਮਾ ਕਰਦਾ ਰਿਹਾ ਕਿ ਉਸ ਨੂੰ ਕਿਸੇ ਨੇ ਮਾਰ ਕੇ ਸੁੱਟਿਆ ਹੈ। ਪਰ ਪੁਲਿਸ ਨੂੰ ਕਿਤੋਂ ਭਿਣਕ ਲੱਗ ਗਈ ਕਿ ਉਸ ਦੀ ਧੀ ਦਾ ਕਿਸੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ ਤੇ ਹੋ ਸਕਦਾ ਹੈ ਕਿ ਇਹ ਕਤਲ ਉਸ ਦੇ ਪਿਤਾ ਨੇ ਹੀ ਕੀਤਾ ਹੋਵੇ।
ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਨੇ ਸਖਤੀ ਦਿਖਾਈ ਤਾਂ ਦੋਸ਼ੀ ਪਿਤਾ ਨੇ ਕਬੂਲ ਕਰ ਲਿਆ ਕਿ ਉਸ ਨੇ ਹੀ ਆਪਣੀ ਧੀ ਦਾ ਕਤਲ ਕੀਤਾ ਹੈ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਆਪਣੇ ਪ੍ਰੇਮੀ ਨੂੰ ਮਿਲ ਕੇ ਆਈ ਹੈ। ਪੁਲਿਸ ਨੇ ਦੋਸ਼ੀ ਪਿਤਾ ਸਰਵਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਜਿਸ ਲੜਕੀ ਦਾ ਕਤਲ ਹੋਇਆ ਹੈ ਉਸ ਦੇ ਆਪਣੇ ਪਿੰਡ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਲੋਕਾਂ ਨੇ ਉਨ੍ਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਸੀ। ਪਰਿਵਾਰ ਦੇ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਸੀ। ਇਸ ਨੂੰ ਲੈ ਕੇ ਪਰਿਵਾਰ ਬਦਨਾਮੀ ਝੱਲ ਰਿਹਾ ਸੀ। ਥਾਣਾ ਅਜੀਤਵਾਲ ਦੇ ਐਸਐਚਓ ਜਸਵਿੰਦਰ ਸਿੰਘ ਮੁਤਾਬਕ ਚੂੜਚੱਕ ਪਿੰਡ ਦੀ 17 ਸਾਲਾ 10ਵੀਂ ’ਚ ਪੜ੍ਹਦੀ ਇਹ ਲੜਕੀ ਸੋਮਵਾਰ ਰਾਤ ਨੂੰ ਆਪਣੇ ਪ੍ਰੇਮੀ ਨੂੰ ਮਿਲ ਕੇ ਆਈ ਸੀ, ਜਿਸ ’ਤੇ ਮੌਕਾ ਪਾ ਕੇ ਪਿਤਾ ਨੇ ਆਪਣੀ ਧੀ ਦਾ ਗਲਾ ਦਬਾ ਕੇ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਛੱਪੜ ਵਿੱਚ ਸੁੱਟ ਦਿੱਤਾ।
ਪੁਲਿਸ ਮੁਤਾਬਕ ਕਤਲ ਅਤੇ ਛੱਪੜ ਵਿੱਚ ਲਾਸ਼ ਸੁੱਟਣ ਤੋਂ ਬਾਅਦ ਦੋਸ਼ੀ ਘਰ ਪਰਤ ਆਇਆ। ਇਸ ਤੋਂ ਬਾਅਦ ਡਰਾਮਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਲੜਕੀ ਘਰ ’ਚ ਨਹੀਂ ਹੈ। ਘਰ ਵਿੱਚ ਤਲਾਸ਼ੀ ਲਈ ਪਰ ਉਹ ਕਿਤੇ ਨਹੀਂ ਮਿਲ ਰਹੀ। ਮੰਗਲਵਾਰ ਸਵੇਰੇ ਸਾਢੇ 7 ਵਜੇ ਧੀ ਦੀ ਲਾਸ਼ ਪਿੰਡ ਦੇ ਛੱਪੜ ਵਿੱਚ ਮਿਲਿਆ। ਪੁਲਿਸ ਪਹੁੰਚੀ ਅਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਲਾਸ਼ ਕੱਢ ਕੇ ਹਸਪਤਾਲ ਪਹੁੰਚਾਇਆ। ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ’ਤੇ ਉਸ ਨੇ ਸੱਚ ਦੱਸ ਦਿੱਤਾ। ਪੁਲਿਸ ਨੇ ਸਰਵਨ ਸਿੰਘ ਖਿਲਾਫ ਹੱਤਿਆ ਤੇ ਸਬੂਤ ਮਿਟਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਤਿੰਨ ਡਾਕਟਰਾਂ ਦਾ ਬੋਰਡ ਲਾਸ਼ ਦਾ ਪੋਸਟਮਾਰਟਮ ਕਰੇਗਾ।