Govt should seal hospitals : ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਸਿਹਤ ਯੋਜਨਾ – ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਕਰੋੜਾਂ ਰੁਪਏ ਦੇ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਕਈ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮਰੀਜ਼ਾਂ ਦੇ ਇਲਾਜ ਲਈ ਸਮਾਰਟ ਕਾਰਡ ਧਾਰਕਾਂ ਦੇ ਨਾਵਾਂ ‘ਤੇ ਬਿੱਲ ਲਏ ਗਏ ਅਤੇ ਬੀਮੇ ਦੇ ਦਾਅਵੇ ਲੈ ਕੇ ਜ਼ਬਰਦਸਤ ਜਾਅਲੀ ਬਿੱਲ ਤਿਆਰ ਕੀਤੇ ਗਏ। ਇਸ ਵੱਡੇ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੋਂ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਮਿਲੀਭੁਗਤ ਵਾਲੇ ਸਿਆਸੀ ਆਗੂਆਂ ਦਾ ਨਾਮ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਕੀਤੀ ਅਤੇ ਜਿਨ੍ਹਾਂ ਹਸਪਤਾਲਾਂ ਨੇ ਇਹ ਘਪਲਾ ਕੀਤਾ ਹੈ, ਉਨ੍ਹਾਂ ਹਸਪਤਾਲਾਂ ਨੂੰ ਸੀਲ ਕੀਤਾ ਜਾਵੇ।
ਚੀਮਾ ਨੇ ਹੋਏ ਕਿਹਾ ਕਿ ਕਿਸੇ ਵੀ ਨਿੱਜੀ ਸੰਸਥਾ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ ਕਿ ਉਹ ਕਿਸੇ ਸੱਤਾਧਾਰੀ ਪਾਰਟੀ ਦੇ ਆਗੂਆਂ ਤੋਂ ਬਿਨਾਂ ਕਰੋੜਾਂ ਰੁਪਏ ਦਾ ਘਪਲਾ ਕਰ ਲਵੇ। ਹਾਲਾਂਕਿ ਅਜੇ ਸਿਰਫ ਤਿੰਨ ਜ਼ਿਲ੍ਹੇ ਦੇ 10 ਹਸਪਤਾਲਾਂ ਵੱਲੋਂ ਹੀ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਜੇਕਰ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਪੂਰੇ ਪੰਜਾਬ ਵਿੱਚ ਸੈਂਕੜੇ ਹਸਪਤਾਲਾਂ ਵੱਲੋਂ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਕੀਤੀ ਜਾਂਚ ਨੇ ਸਾਹਮਣੇ ਲਿਆ ਦਿੱਤਾ ਹੈ ਕਿ ਕਿਵੇਂ ਗਰੀਬਾਂ ਦੇ ਨਾਮ ਉਤੇ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਦੇ ਇਕ ਮਸ਼ਹੂਰ ਹਸਪਤਾਲ ਨੇ ਇਸ ਸਾਲ ਲਗਭਗ 1282 ਲੋਕਾਂ ਦੇ ਇਲਾਜ ਲਈ ਕੁੱਲ ਬੀਮਾ 4,43,98,450 ਰੁਪਏ ਦਾ ਦਾਅਵਾ ਕੀਤਾ ਹੈ। ਹਸਪਤਾਲ ਦੇ 519 ਦਾਅਵਿਆਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਬਾਕੀ ਮਾਮਲਿਆਂ ਵਿੱਚ ਰਾਜ ਸਿਹਤ ਅਥਾਰਟੀ ਪੰਜਾਬ ਨੇ 4,23,48,050 ਰੁਪਏ ਦੇ ਦਾਅਵੇ ਪਾਸ ਕੀਤੇ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਸਪਤਾਲ ਨੇ ਉਸਦੇ ਪਰਿਵਾਰ ਦੇ ਹੋਰ ਮਰੀਜ਼ਾਂ ਨੂੰ ਇਸ ਸਕੀਮ ਅਧੀਨ ਇਲਾਜ ਦੀ ਥਾਂ ਹਸਪਤਾਲ ਵਿੱਚ ਦਾਖਲ ਕਰਵਾ ਕੇ ਝੂਠੇ ਬੀਮੇ ਦੇ ਦਾਅਵੇ ਕੀਤੇ।