ਹਿਮਾਚਲ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਦੇ ਵਿਆਹ ਰਖੇ ਹੋਏ ਹਨ, ਦੂਰ ਦੀਆਂ ਬਾਰਾਤਾਂ ਵਾਸਤੇ ਹੋਰ ਹੀ ਵੀ ਮੁਸੀਬਤ ਬਣ ਗਈ ਹੈ ਕਿਉਂਕਿ ਬਰਫਬਾਰੀ ਕਰਕੇ ਸੜਕਾਂ ਬੰਦ ਪਈਆਂ ਹਨ। ਪਰ ਇਥੇ ਬਰਫ਼ਬਾਰੀ ਵੀ ਲਾੜੇ ਦਾ ਰਾਹ ਨਹੀਂ ਰੋਕ ਸਕੀ। ਜਦੋਂ ਜਾਣ ਦਾ ਕੋਈ ਰਾਹ ਨਾ ਬਣਿਆ ਤਾਂ ਲਾੜਾ ਜੇਸੀਬੀ ਮਸ਼ੀਨ ਲੈ ਕੇ ਲਾੜੀ ਨੂੰ ਵਿਆਹੁਣ ਵਾਸਤੇ ਪਹੁੰਚ ਗਿਆ। ਸਹੁਰੇ ਘਰ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਅਤੇ ਲਾੜੀ ਨੂੰ ਲੈ ਕੇ ਲਾੜਾ ਘਰ ਵਾਪਸ ਪਹੁੰਚਿਆ।
ਮਾਮਲਾ ਐਤਵਾਰ ਨੂੰ ਗਿਰੀਪਾਰ ਇਲਾਕੇ ਦੇ ਪਿੰਡ ਸੰਗੜਾਹ ਦਾ ਹੈ। ਹੋਇਆ ਇਹ ਕਿ ਐਤਵਾਰ ਸਵੇਰੇ ਸੰਗੜਾਹ ਤੋਂ ਬਾਰਾਤ ਪਿੰਡ ਰੱਤਵਾ ਲਈ ਰਵਾਨਾ ਹੋਈ। ਭਾਰੀ ਬਰਫਬਾਰੀ ਕਰਕੇ ਬਾਰਾਤ ਦਲਿਆਨੂ ਤੱਕ ਹੀ ਜਾ ਸਕੀ। ਅੱਗੇ ਦਾ ਰਾਹ ਬੰਦ ਸੀ, ਇਸ ਲਈ ਉੱਥੋਂ ਅੱਗੇ ਜਾਣਾ ਅਸੰਭਵ ਸੀ।
ਲਾੜੇ ਦੇ ਪਿਤਾ ਜਗਤ ਸਿੰਘ ਨੇ ਅੱਗੇ ਜਾਣ ਲਈ ਜੇਸੀਬੀ ਮਸ਼ੀਨ ਦਾ ਇੰਤਜ਼ਾਮ ਕੀਤਾ, ਜਿਸ ਵਿੱਚ ਲਾੜੇ ਵਿਜੇ ਪ੍ਰਕਾਸ਼, ਭਰਾ ਸੁਰਿੰਦਰ, ਪਿਤਾ ਜਗਤ ਸਿੰਘ, ਭਾਗਚੰਦ ਅਤੇ ਫੋਟੋਗ੍ਰਾਫਰ ਨੂੰ ਬਿਠਾ ਕੇ ਲਾੜਾ 30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਤਵਾ ਪਿੰਡ ਪਹੁੰਚਿਆ। ਉੱਥੇ ਉਸ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਅਤੇ ਲਾੜੀ ਨਾਲ ਵਾਪਸ ਪਰਤਿਆ।
ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਗਿਰੀਪਾਰ ਇਲਾਕੇ ਦੇ ਪਿੰਡ ਗੱਤਾਧਾਰ ਵਿੱਚ ਵੀ ਮੀਂਹ ਅਤੇ ਬਰਫ਼ਬਾਰੀ ਕਰਕੇ ਸੜਕ ਬੰਦ ਹੋਣ ਕਾਰਨ ਇੱਕ ਲਾੜੇ ਨੂੰ ਆਪਣੀ ਜੀਵਨਸਾਥਣ ਤੱਕ ਪਹੁੰਚਣ ਲਈ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਜੇ ਸੜਕ ਬੰਦ ਨਾ ਹੁੰਦੀ ਤਾਂ ਦੂਰੀ ਸਿਰਫ਼ 40 ਕਿਲੋਮੀਟਰ ਰਹਿ ਜਾਂਦੀ।
ਐਤਵਾਰ ਨੂੰ ਪਿੰਡ ਗੱਤਾਧਾਰ ਤੋਂ ਲਾੜਾ ਰਾਮਲਾਲ, ਭਰਾ ਵਰਿੰਦਰ, ਮਾਮਾ ਗੋਪਾਲ ਸਿੰਘ ਲਾੜੀ ਨੂੰ ਲੈਣ ਲਈ 100 ਕਿਲੋਮੀਟਰ ਦਾ ਹੋਰ ਸਫ਼ਰ ਤੈਅ ਕਰਕੇ ਸਬ-ਡਿਵੀਜ਼ਨ ਸੰਗੜਾਹ ਦੇ ਪਿੰਡ ਡੂੰਗੀ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਭਾਵੇਂ ਬਾਰਾਤ ਨੇ ਮਹੂਰਤ ਮੁਤਾਬਕ ਸਵੇਰੇ 8 ਵਜੇ ਪਹੁੰਚਣਾ ਸੀ ਪਰ ਗੱਤਾਧਾਰ ਸੰਗੜਾਹ ਰੋਡ ’ਤੇ ਭਾਰੀ ਬਰਫ਼ਬਾਰੀ ਕਰਕੇ ਉਨ੍ਹਾਂ ਨੂੰ ਵਾਇਆ ਸ਼ਿਲਈ, ਪਾਉਂਟਾ ਸਾਹਿਬ ਦਾ ਰਸਤਾ ਚੁਣਨਾ ਪਿਆ। ਇਸ ਵਿੱਚ ਵੀ ਕਈ ਥਾਵਾਂ ’ਤੇ ਪੈਦਲ ਚੱਲ ਕੇ ਗੱਡੀਆਂ ਬਦਲਣੀਆਂ ਪਈਆਂ। ਇਹ ਸਫ਼ਰ ਜੋ ਦੋ ਘੰਟਿਆਂ ਵਿੱਚ ਪੂਰਾ ਹੋਣਾ ਸੀ, ਸੜਕ ਬੰਦ ਹੋਣ ਕਾਰਨ ਕਰੀਬ 12 ਘੰਟਿਆਂ ਵਿੱਚ ਪੂਰਾ ਹੋ ਸਕਿਆ।