ਗੁਜਰਾਤ ਸਰਕਾਰ ਨੇ ਨਵੇਂ ਅਕੈਡਮਿਕ ਸਾਲ 2022-23 ਤੋਂ ਪੂਰੇ ਰਾਜ ਵਿੱਚ 6ਵੀਂ ਤੋਂ 12ਵੀਂ ਕਲਾਸਾਂ ਦੇ ਸਕੂਲ ਦੇ ਸਿਲੇਬਸ ਵਿੱਚ ਭਗਵਦ ਗੀਤਾ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਜੀਤੂ ਵਘਾਨੀ ਨੇ ਸਿੱਖਿਆ ਵਿਭਾਗ ਲਈ ਬਜਟ ਅਲਾਟਮੈਂਟ ‘ਤੇ ਵਿਧਾਨ ਸਭਾ ਵਿੱਚ ਇੱਕ ਚਰਚਾ ਦੌਰਾਨ ਇਹ ਐਲਾਨ ਕੀਤਾ।
ਮੰਤਰੀ ਨੇ ਕਿਹਾ ਕਿ ਭਗਵਦ ਗੀਤਾ ਵਿੱਚ ਮੌਜੂਦ ਨੈਤਿਕ ਕਦਰਾਂ-ਕੀਮਤਾਂ ਤੇ ਸਿਧਾਂਤਾਂ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੇਂਦਰ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) ਦੀ ਤਰਜ ‘ਤੇ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ NEP ਆਧੁਨਿਕ ਤੇ ਪ੍ਰਾਚੀਨ ਸੰਸਕ੍ਰਿਤੀ, ਰਵਾਇਤਾਂ ਤੇ ਗਿਆਨ ਪ੍ਰਣਾਲੀ ਨੂੰ ਸ਼ਾਮਲ ਕਰਨ ਦੀ ਹਮਾਇਤ ਕਰਦੀ ਹੈ, ਤਾਂਕਿ ਵਿਦਿਆਰਥੀ ਭਾਰਤ ਦੀ ਖੁਸ਼ਹਾਲ ਤੇ ਵੰਨ-ਸੁਵੰਨੀ ਸੰਸਕ੍ਰਿਤੀ ‘ਤੇ ਮਾਣ ਕਰ ਸਕਣ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਘਾਨੀ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਪ੍ਰਾਚੀਨ ਹਿੰਦੂ ਗ੍ਰੰਥ ਵਿੱਚ ਦੱਸੀਆਂ ਗਈਆਂ ਨੈਤਿਕ ਕਦਰਾਂ-ਕੀਮਤਾਂ ਤੇ ਸਿਧਾਂਤਾਂ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਛੇਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਵਿੱਚ ਭਗਵਦ ਗੀਤਾ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸਿੱਖਿਆ ਮੰਤਰੀ ਨੇ ਕਿਹਾ ਕਿ ਗ੍ਰੰਥ ਦੇ ਆਧਾਰ ‘ਤੇ ਸਕੂਲ ਪ੍ਰਾਰਥਨਾ, ਸ਼ਲੋਕ ਦਾ ਪਾਠ, ਨਾਟਕ, ਕੁਇਜ਼, ਪੇਂਟਿੰਗ ਆਦਿ ਵਰਗੀਆਂ ਸਰਗਰਮੀਆਂ ਵੀ ਆਯੋਜਿਤ ਕਰਨਗੇ। ਮੰਤਰੀ ਨੇ ਕਿਹਾ ਕਿ ਕਿਤਾਬ ਤੇ ਆਡੀਓ-ਵੀਡੀਓ ਸੀਡੀ ਵਰਗੀ ਅਧਿਐਨ ਸਮੱਗਰੀ ਸਰਕਾਰ ਵੱਲੋਂ ਸਕੂਲਾਂ ਨੂੰ ਮੁਹੱਈਆ ਕਰਵਾਈ ਜਾਵੇਗੀ।