ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ, ਸਿੰਘਾਂ ਸ਼ਹੀਦਾਂ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀ ਯਾਦ ਵਿੱਚ ਮਨਾਏ ਜਾ ਰਹੇ ਸ਼ਹੀਦੀ ਪੰਦਰਵਾੜੇ ਨੂੰ ਲੈ ਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ, ਜਿਸ ਨਾਲ ਗੁਰਦੁਆਰਾ ਸਾਹਿਬ ਵਿੱਚ ਇੱਕ ਅਲੌਕਿਕ ਨਜ਼ਾਰਾ ਦਿਖਾਈ ਦਿੱਤਾ, ਜੋ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ 16,17,18 ਨੂੰ ਸ਼ਹੀਦੀ ਪੰਦਰਵਾੜੇ ਦੇ ਸਮਾਗਮ ਮਨਾਏ ਜਾ ਰਹੇ ਹਨ। ਇਨ੍ਹਾਂ ਤਿੰਨ ਦਿਨਾਂ ਤੱਕ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ।
ਇਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਸਿੱਖ ਸ਼ਖ਼ਸੀਅਤਾਂ ਪਹੁੰਚ ਕੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੀਆਂ। ਦੱਸ ਦੇਈਏ ਕਿ ਇਹ ਸ਼ਹੀਦੀ ਪੰਦਰਵਾੜਾ ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਅੱਜ ਸਵੇਰੇ ਸ਼ਹੀਦੀ ਪੰਦਰਵਾੜੇ ਦੇ ਦੂਜੇ ਪੜਾਅ ਦੀ ਸ਼ੁਰੂਆਤ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਵਰਤ ਰੂਪਨਗਰ ਤੋਂ ਨਗਰ ਕੀਰਤਨ ਨਾਲ ਕੀਤੀ ਗਈ। ਇਹ ਨਗਰ ਕੀਰਤਨ ਰੂਪਨਗਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪਹੁੰਚਿਆ।